Site icon SMZ NEWS

ਸਰਹਿੰਦ ਨਹਿਰ ’ਚ ਮਜ਼ਦੂਰਾਂ ਦੀ ਭਰੀ ਸਕਾਰਪਿਓ ਡਿੱਗੀ 1 ਦੀ ਮੌਤ, 5 ਜਖ਼ਮੀ

ਮਾਛੀਵਾਡ਼ਾ ਸਾਹਿਬ, ਬੀਤੀ ਦੇਰ ਰਾਤ ਮਾਛੀਵਾਡ਼ਾ ਨੇਡ਼੍ਹੇ ਵਗਦੀ ਸਰਹਿੰਦ ਨਹਿਰ ਵਿਚ ਮਜ਼ਦੂਰਾਂ ਨਾਲ ਭਰੀ ਸਕਾਰਪਿਓ ਪਲਟ ਗਈ ਜਿਸ ਵਿਚ ਡੁੱਬਣ ਕਾਰਨ ਇੱਕ ਵਿਅਕਤੀ ਕੁਲਵਿੰਦਰ ਸਿੰਘ ਵਾਸੀ ਪਿੰਡ ਆਲੀਕੇ ਜ਼ਿਲਾ ਬਠਿੰਡਾ ਦੀ ਮੌਤ ਹੋ ਗਈ ਜਦਕਿ ਡਰਾਇਵਰ ਗੁਰਲਾਲ ਸਿੰਘ, ਪੁਸ਼ਪਿੰਦਰ ਸਿੰਘ, ਬਲਕਾਰ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਲੀਕੇ ਦੇ ਸਾਰੇ ਵਾਸੀ ਖੇਤਾਂ ਵਿਚ ਪਾਈਪਾਂ ਪਾਉਣ ਦਾ ਕੰਮ ਕਰਦੇ ਹਨ ਜੋ ਕਿ ਬਠਿੰਡਾ ਤੋਂ ਰੋਪਡ਼ ਵੱਲ ਨੂੰ ਜਾ ਰਹੇ ਸਨ ਕਿ ਰਾਤ ਕਰੀਬ 10 ਵਜੇ ਸਰਹਿੰਦ ਨਹਿਰ ਦੇ ਪਵਾਤ ਪੁਲ ਨੇਡ਼੍ਹੇ ਇਨ੍ਹਾਂ ਦੀ ਸਕਾਰਪਿਓ ਕਾਰ ਸੰਤੁਲਨ ਗਵਾ ਨਹਿਰ ਵਿਚ ਜਾ ਡਿੱਗੀ। ਸਕਾਰਪਿਓ ਗੱਡੀ ਨਹਿਰ ਵਿਚ ਡਿੱਗਣ ਕਾਰਨ ਇਸ ਵਿਚ ਸਵਾਰ ਸਾਰੇ ਵਿਅਕਤੀ ਸ਼ੀਸ਼ੇ ਤੋਡ਼ ਕੇ ਬਡ਼ੀ ਮੁਸ਼ਕਿਲ ਨਾਲ ਬਾਹਰ ਨਿਕਲਣ ਦਾ ਯਤਨ ਕਰਦੇ ਰਹੇ ਅਤੇ ਇਨ੍ਹਾਂ ਨੇ ਬਚਾਉਣ ਲਈ ਰੌਲਾ ਪਾਇਆ। ਇਨ੍ਹਾਂ ਦੇ ਬਚਾਓ ਦਾ ਰੌਲਾ ਸੁਣ ਕੇ ਉੱਥੋਂ ਲੰਘ ਰਿਹਾ ਪਿੰਡ ਬਹਿਲੋਲਪੁਰ ਦਾ ਸਾਬਕਾ ਫੌਜੀ ਹਰਜਿੰਦਰ ਸਿੰਘ ਖਡ਼ ਗਿਆ ਜਿਸ ਨੇ ਨਹਿਰ ਵਿਚ ਡਿੱਗੇ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਘਟਨਾ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਨੇ ਨਹਿਰ ਵਿਚ ਡਿੱਗੇ ਇਨ੍ਹਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ। ਜਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ’ਚੋਂ ਇੱਕ ਵਿਅਕਤੀ ਕੁਲਵਿੰਦਰ ਸਿੰਘ ਜਿਸ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ ਉਸਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਚੌਂਕੀ ਇੰਚਾਰਜ਼ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤਾ ਹੈ ਜਦਕਿ ਜਖ਼ਮੀਆਂ ਵਿਚ ਇੱਕ ਵਿਅਕਤੀ ਪੁਸ਼ਪਿੰਦਰ ਸਿੰਘ ਇਲਾਜ ਅਧੀਨ ਹੈ ਅਤੇ ਬਾਕੀ ਵਿਅਕਤੀਆਂ ਦੇ ਮਾਮੂਲੀ ਸੱਟਾਂ ਲੱਗੀਆਂ।

ਕਾਰਗਿਲ ਦਾ ਸੇਵਾਮੁਕਤ ਫੌਜੀ ਬਣਿਆ ਮਸੀਹਾ
ਨਹਿਰ ਵਿਚ ਪਲਟੀ ਸਕਾਰਪਿਓ ਕਾਰ ’ਚੋਂ ਡੁੱਬਦੇ ਵਿਅਕਤੀਆਂ ਨੂੰ ਬਚਾਉਣ ਲਈ ਕਾਰਗਿਲ ਦਾ ਸੇਵਾਮੁਕਤ ਫੌਜੀ ਹਰਜਿੰਦਰ ਸਿੰਘ ਵਾਸੀ ਬਹਿਲੋਲਪੁਰ ਇਨ੍ਹਾਂ ਲਈ ਮਸੀਹਾ ਬਣ ਕੇ ਆਇਆ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ 2 ਲਡ਼ਕਿਆਂ ਤੇ ਪਰਿਵਾਰ ਸਮੇਤ ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਜਿਸ ਦੀ ਗੱਡੀ ਅੱਗੇ ਇਹ ਹਾਦਸਾਗ੍ਰਸਤ ਹੋਣ ਵਾਲੀ ਸਕਾਰਪਿਓ ਗੱਡੀ ਜਾ ਰਹੀ ਸੀ। ਉਸਨੇ ਦੇਖਿਆ ਕਿ ਅਚਾਨਕ ਸਕਾਰਪਿਓ ਗੱਡੀ ਸਡ਼ਕ ਤੋਂ ਲਾਪਤਾ ਹੋ ਗਈ ਅਤੇ ਉਸ ਨੂੰ ਸ਼ੰਕਾ ਹੋਈ ਕਿ ਗੱਡੀ ਨਹਿਰ ਵਿਚ ਜਾ ਗਿਰੀ। ਜਦੋਂ ਉਸਨੇ ਆਪਣੀ ਗੱਡੀ ਰੋਕ ਕੇ ਦੇਖਿਆ ਤਾਂ ਸਡ਼ਕ ਤੋਂ ਹੇਠਾਂ ਨਹਿਰ ਵੱਲ ਇਹ ਗੱਡੀ ਨਹਿਰ ਵਿਚ ਡਿੱਗੀ ਹੋਈ ਜਿਸ ਵਿਚ ਸਵਾਰ ਵਿਅਕਤੀ ਬਚਾਓ ਦਾ ਰੌਲਾ ਪਾ ਰਹੇ ਸਨ। ਸੇਵਾਮੁਕਤ ਫੌਜੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ 2 ਲਡ਼ਕਿਆਂ ਸਮੇਤ ਨਹਿਰ ਵਿਚ ਉਤਰਿਆ ਜਿੱਥੇ ਜਾ ਕੇ ਉਸਨੇ ਗੱਡੀ ਦਾ ਸ਼ੀਸ਼ਾ ਭੰਨਿਆ ਅਤੇ ਵਿਅਕਤੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਸੇਵਾਮੁਕਤ ਫੌਜੀ ਅਨੁਸਾਰ ਉਸਨੇ ਬਡ਼ੀ ਮੁਸ਼ੱਕਤ ਨਾਲ 5 ਵਿਅਕਤੀਆਂ ਨੂੰ ਕਿਨਾਰੇ ’ਤੇ ਪਹੁੰਚਾ ਦਿੱਤਾ ਪਰ ਇੱਕ ਵਿਅਕਤੀ ਕੁਲਵਿੰਦਰ ਸਿੰਘ ਦੀ ਡੁੱਬਣ ਕਾਰਨ ਮੌਤ ਹੋ ਚੁੱਕੀ ਸੀ। ਕਾਰਗਿੱਲ ਦੀ ਲਡ਼ਾਈ ਲਡ਼ਨ ਵਾਲਾ ਸੇਵਾਮੁਕਤ ਫੌਜੀ ਹਰਜਿੰਦਰ ਸਿੰਘ ਦੀ ਬਹਾਦਰੀ ਕਿ ਉਸਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ਵਿਚ ਡੁੱਬਦੇ 5 ਵਿਅਕਤੀਆਂ ਨੂੰ ਬਚਾਇਆ। ਮਾਛੀਵਾਡ਼ਾ ਪੁਲਸ ਵੀ ਘਟਨਾ ਦੀ ਸੂਚਨਾ ਮਿਲਣ ’ਤੇ ਤੁਰੰਤ ਪਹੁੰਚ ਗਈ ਸੀ ਜਿਨ੍ਹਾਂ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਨਹਿਰ ਵਿਚ ਡੁੱਬੀ ਗੱਡੀ ਨੂੰ ਅੱਜ ਬਾਹਰ ਕੱਢਿਆ ਗਿਆ।

Exit mobile version