ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਪਨਿਆੜ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 95 ਸਾਲਾਂ ਬਜ਼ੁਰਗ ਦੇ ਅੰਤਿਮ ਸਸਕਾਰ ਦੌਰਾਨ ਉਸਦੇ ਨਾਲ ਸਾੜੇ ਗਏ ਬਿਸਤਰੇ ਵਿੱਚ 3 ਲੱਖ ਰੁਪਏ ਸੜ ਕੇ ਸੁਆਹ ਹੋ ਗਏ, ਜਿਸ ਨੂੰ ਇਸ ਬਜ਼ੁਰਗ ਨੇ ਲੁਕੋ ਕੇ ਰੱਖਿਆ ਹੋਇਆ ਸੀ। ਇਸਦਾ ਖੁਲਾਸਾ ਉਦੋਂ ਹੋਇਆ ਜਦੋਂ ਪੰਜ ਸੌ ਰੁਪਏ ਵਾਲਾ 50 ਹਜ਼ਾਰ ਰੁਪਏ ਦਾ ਸੜਦਾ ਹੋਇਆ ਬੰਡਲ ਚਿਗਾ ਤੋ ਬਾਹਰ ਡਿੱਗ ਪਿਆ। ਕਈ ਨੋਟ ਪਹਿਲਾਂ ਹੀ ਸੜ ਚੁੱਕੇ ਸਨ ਹਾਲਾਂਕਿ, ਪਰਿਵਾਰ ਵਾਲੇ ਇਸ ਬਾਰੇ ਜ਼ਿਆਦਾ ਖੁੱਲ ਕੇ ਕੁਝ ਕਹਿਣ ਲਈ ਤਿਆਰ ਨਹੀਂ ਹਨ
ਇਸ ਸਬੰਧੀ ਭਰੋਸੇਯੋਗ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੀਨਾਨਗਰ ਦੇ ਪਿੰਡ ਪਨਿਆੜ ਦੇ ਰਹਿਣ ਵਾਲੇ ਇਕ ਬਜੁਰਗ ਕਰੀਬ (95) ਦੀ ਮੌਤ ਹੋ ਗਈ ਸੀ ਉਹ ਇੱਕ ਕਿਸਾਨ ਸੀ ਅਤੇ ਉਸਦਾ ਪੁੱਤਰ ਸਰਕਾਰੀ ਨੌਕਰੀ ਕਰਦਾ ਹੈ। ਪਿਤਾ ਦੇ ਖਾਤੇ ਵਿੱਚ ਚੰਗੀ ਰਕਮ ਜਮ੍ਹਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਬਜ਼ੁਰਗ ਨੇ ਇਸ ਵਿੱਚੋਂ 3 ਲੱਖ ਰੁਪਏ ਕੱਢਵਾ ਕੇ ਆਪਣੇ ਕੋਲ ਰੱਖ ਲਏ ਸਨ। ਸੋਮਵਾਰ ਨੂੰ ਉਸਦੀ ਮੌਤ ਤੋਂ ਬਾਅਦ ਬਜ਼ੁਰਗ ਵਿਅਕਤੀ ਦਾ ਉਸਦੇ ਪਰਿਵਾਰ ਦੁਆਰਾ ਅੰਤਿਮ ਸਸਕਾਰ ਕੀਤਾ ਗਿਆ ਅਤੇ ਉਸਦੇ ਕੱਪੜੇ ਅਤੇ ਬਿਸਤਰੇ ਨੂੰ ਵੀ ਉਸਦੇ ਨਾਲ ਸਾੜ ਦਿੱਤਾ ਗਿਆ। ਇਸ ਦੌਰਾਨ, ਇੱਕ ਪਰਿਵਾਰਕ ਮੈਂਬਰ ਨੇ ਦੇਖਿਆ ਕਿ ਸੜਦੇ ਬਿਸਤਰੇ ਦੇ ਸਿਰਹਾਣੇ ਤੋਂ 50 ਹਜ਼ਾਰ ਰੁਪਏ (ਪੰਜ ਸੌ ਰੁਪਏ ਦੇ ਨੋਟ) ਦਾ ਇੱਕ ਬੰਡਲ ਬਾਹਰ ਡਿੱਗ ਪਿਆ ਜੋ ਕਿ ਕਾਫ਼ੀ ਸੜ ਗਿਆ ਸੀ। ਉਨ੍ਹਾਂ ਹੋਰ ਜਾਂਚ ਕਰਨੀ ਚਾਹੀ ਪਰ ਸਿਰਹਾਣੇ ਵਿੱਚ ਪਏ ਬਾਕੀ ਪੈਸੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ ਸਨ। ਪੈਸੇ ਮਿਲਣ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਦੇ ਬੈਂਕ ਖਾਤੇ ਦੀ ਕਾਪੀ ਚੈੱਕ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਕੋਲ 3 ਲੱਖ ਰੁਪਏ ਸਨ ਜੋ ਉਸਦੀ ਚਿਤਾ ਦੇ ਨਾਲ ਹੀ ਸੜ ਕੇ ਸੁਆਹ ਹੋ ਗਏ। ਆਪਣੀ ਕਿਸਮ ਦੀ ਇਸ ਅਨੋਖੀ ਘਟਨਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।