ਗੁਰਦਾਸਪੁਰ ਦੇ ਵਾਰਡ ਨੰਬਰ ਨੌ ਵਿੱਚ ਸਥਿਤ ਮੁਹੱਲਾ ਇਸਲਾਮਾਬਾਦ ਵਿਚ ਇੱਕ ਬਾਲਿਆਂ ਦੇ ਸਹਾਰੇ ਟਿੱਕੀ ਪੁਰਾਣੀ ਛੱਤ ਦਾ ਕੁਝ ਹਿੱਸਾ ਡਿੱਗਣ ਕਾਰਨ ਘਰ ਵਿੱਚ ਰਹਿਣ ਵਾਲੀ ਔਰਤ ਦੀ ਜਾਨ ਬਹੁਤ ਮੁਸ਼ਕਲ ਨਾਲ ਬਚੀ। ਦਰਅਸਲ ਔਰਤ ਛੱਤ ਤੇ ਕੱਪੜੇ ਲੈਣ ਗਈ ਸੀ ਕਿ ਮਿੱਟੀ ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਤੇ ਉਹ ਅੱਧੀ ਛੱਤ ਦੇ ਉੱਪਰ ਅੱਧੀ ਥੱਲੇ ਲਮਕ ਗਈ। ਨੇੜੇ ਹੀ ਪਤੰਗ ਉਡਾ ਰਹੇ ਕੁਝ ਲੜਕਿਆਂ ਦੀ ਨਜ਼ਰ ਉਸ ਤੇ ਪਈ ਤਾਂ ਉਸ ਨੂੰ ਫੜ ਕੇ ਉੱਪਰ ਖਿੱਚਿਆ ਗਿਆ ਜਿਸ ਕਾਰਨ ਔਰਤ ਬਾਲ ਬਾਲ ਬਚੀ। ਪੀੜਤ ਔਰਤ ਲਲਿਤਾ ਕੁਮਾਰੀ ਨੇ ਦੱਸਿਆ ਕਿ ਉਸ ਦਾ ਪਤੀ ਦਿਹਾੜੀਦਾਰ ਹੈ ਅਤੇ ਉਹਨਾਂ ਦਾ ਪੁਰਾਣਾ ਕੱਚਾ ਮਕਾਨ ਹੈ । ਉਹ ਉੱਪਰ ਛੱਤ ਤੇ ਗਈ ਸੀ ਕਿ ਉਸਦੇ ਪੈਰ ਹੇਠੋਂ ਮਿੱਟੀ ਦੀ ਛੱਤ ਦਾ ਕੁਝ ਹਿੱਸਾ ਟੁੱਟ ਕੇ ਡਿੱਗ ਗਿਆ ਜਿਸ ਕਾਰਨ ਉਸ ਦਾ ਇੱਕ ਪੈਰ ਛੱਤ ਵਿੱਚੋਂ ਲਮਕ ਗਿਆ ਤੇ ਅੱਧੀ ਉਹ ਉੱਪਰ ਰਹਿ ਗਈ। ਉਸਨੇ ਚੀਕਣਾ ਸ਼ੁਰੂ ਕੀਤਾ ਤੇ ਨੇੜੇ ਦੇ ਕੁਝ ਲੜਕੇ ਜੋ ਪਤੰਗ ਉਡਾ ਰਹੇ ਸਨ ਆ ਗਏ ਅਤੇ ਉਸ ਨੂੰ ਉੱਪਰ ਖਿੱਚਿਆ ਜਿਸ ਕਾਰਨ ਉਹ ਬਚ ਗਈ। ਉਸਨੇ ਦੱਸਿਆ ਕਿ ਛੱਤ ਨੂੰ ਪੱਕਾ ਕਰਨ ਲਈ ਉਹ ਨਗਰ ਕੌਂਸਲ ਵਿੱਚ ਤਿੰਨ ਸਾਲ ਪਹਿਲੇ ਦਰਖਾਸਤ ਦੇ ਕੇ ਆਈ ਸੀ ਪਰ ਹਜੇ ਤੱਕ ਉਸਨੂੰ ਗਰਾਂਟ ਨਹੀਂ ਮਿਲੀ ।ਉੱਥੇ ਹੀ ਮੌਕੇ ਤੇ ਪਹੁੰਚੇ ਵਾਰਡ ਨੰਬਰ ਨੌ ਦੇ ਕੌਂਸਲਰ ਅਸ਼ੋਕ ਭੂਟੋ ਨੇ ਕਿਹਾ ਕਿ ਮਾਮਲਾ ਉਨਾਂ ਦੇ ਧਿਆਨ ਵਿੱਚ ਆ ਗਿਆ ਹੈ ਅਤੇ ਉਹ ਜਲਦੀ ਤੋਂ ਜਲਦੀ ਪਰਿਵਾਰ ਨੂੰ ਪੱਕੇ ਛੱਤ ਲਈ ਗਰਾਂਟ ਦੁਆਉਣ ਦੇ ਕੋਸ਼ਿਸ਼ ਕਰਨਗੇ ਅਤੇ ਪਰਿਵਾਰ ਦੀ ਆਪਣੇ ਤੌਰ ਤੇ ਵੀ ਕੁਝ ਮਦਦ ਜਰੂਰ ਕਰਨਗੇ।