Site icon SMZ NEWS

ਫਿਲੌਰ ਪੁਲਿਸ ਨੇ ਕਤਲ ਕੇਸ ਨੂੰ 24 ਘੰਟਿਆਂ ‘ਚ ਸੁਲਝਾਇਆ, ਦੋ ਗ੍ਰਿਫਤਾਰ

ਫਿਲੌਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਇੱਕ ਕਤਲ ਦਾ ਮਾਮਲਾ ਸੁਲਝਾਉਂਦਿਆਂ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਫਿਲੌਰ ਦੇ ਪਿੰਡ ਅਕਲਪੁਰ ਵਿੱਚ ਇੱਕ ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮਾਂ ਦੀ ਪਛਾਣ ਲਖਵੀਰ ਸਿੰਘ ਪੁੱਤਰ ਪਿਆਰਾ ਸਿੰਘ ਅਤੇ ਅਰਵਿੰਦਰ ਸਿੰਘ ਪੁੱਤਰ ਕੇਵਲ ਸਿੰਘ ਦੋਵੇਂ ਵਾਸੀ ਪਿੰਡ ਬੱਕਾਪੁਰ ਵਜੋਂ ਹੋਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ ਫਿਲੌਰ ਸਰਵਣ ਸਿੰਘ ਬੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਮੁਲਜ਼ਮਾਂ ਨੂੰ ਥਾਣਾ ਫਿਲੌਰ ਦੇ ਐਸਐਚਓ ਇੰਸਪੈਕਟਰ ਸੰਜੀਵ ਕਪੂਰ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਨੇ ਕਾਬੂ ਕੀਤਾ। ਘਟਨਾ ਦੀ ਸੂਚਨਾ ਮ੍ਰਿਤਕ ਦੀ ਪਤਨੀ ਸੀਮਾ ਰਾਣੀ ਨੇ ਦਿੱਤੀ ਸੀ, ਜਿਸ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪਤੀ ‘ਤੇ 5 ਜਨਵਰੀ ਨੂੰ ਸ਼ਾਮ 7 ਵਜੇ ਦੇ ਕਰੀਬ 7-8 ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਹਮਲਾਵਰ ਮਾਰੂ ਹਥਿਆਰਾਂ ਨਾਲ ਲੈਸ ਸਨ।ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਬਣਾ ਦਿੱਤੀਆਂ ਸਨ। ਕੁਝ ਘੰਟਿਆਂ ਦੇ ਅੰਦਰ ਚਸ਼ਮਦੀਦ ਗਵਾਹਾਂ, ਤਕਨੀਕੀ ਨਿਗਰਾਨੀ ਅਤੇ ਜ਼ਮੀਨੀ-ਪੱਧਰ ਦੀ ਖੁਫੀਆ ਜਾਣਕਾਰੀ ਦੀ ਵਰਤੋਂ ਕਰਕੇ ਪੁਲਿਸ ਨੇ ਸਬੂਤ ਜੁਟਾਏ, ਜਿਸ ਸਦਕਾ ਲਖਵੀਰ ਸਿੰਘ ਅਤੇ ਅਰਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋਈ। ਦੋਵਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਜਗਤਾਰ ਸਿੰਘ ਨਾਲ ਰੰਜਿਸ਼ ਰੱਖਦਾ ਸੀ, ਜਿਸ ‘ਤੇ ਉਨ੍ਹਾਂ ਦੁਆਰਾ ਪਿੰਡ ਨੇੜੇ ਸ਼ਰਾਬ ਪੀਣ ਦਾ ਵਿਰੋਧ ਕੀਤਾ ਸੀ। ਇਸ ਨਾਰਾਜ਼ਗੀ ਕਾਰਨ ਦੋਸ਼ੀਆਂ ਨੇ ਪੀੜਤ ‘ਤੇ ਜਾਨਲੇਵਾ ਹਮਲਾ ਕੀਤਾ ਅਤੇ ਉਸਦਾ ਕਤਲ ਕਰ ਦਿੱਤਾ।ਥਾਣਾ ਫਿਲੌਰ ਵਿਖੇ ਬੀਐਨਐਸ ਦੀ ਧਾਰਾ 103(2), 61(2), 191(3), 190 ਤਹਿਤ ਕੇਸ ਦਰਜ ਕੀਤਾ ਗਿਆ ਹੈ।ਵਾਰਦਾਤ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Exit mobile version