News

‘ਰਾਏਕੋਟ ਦਾ ਜੋੜ ਮੇਲਾ’ ਵਿਸ਼ਾਲ ਨਗਰ ਕੀਰਤਨ ਨਾਲ ਆਰੰਭ

ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਅਤੇ ਸਰਸਾ ਨਦੀ ’ਤੇ ਪਰਿਵਾਰ ਵਿਛੋੜੇ ਤੋਂ ਉਪਰੰਤ ਮਾਛੀਵਾੜੇ ਦੇ ਜੰਗਲਾਂ ’ਚੋ ਲੰਘਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਲਮਗੀਰ, ਹੇਰਾਂ ਹੁੰਦੇ ਹੋਏ ਰਾਏਕੋਟ ਦੀ ਧਰਤੀ ’ਤੇ ਚਰਨ ਪਾਉਣ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੱਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐਸਜੀਪੀਸੀ ਦੀ ਦੇਖ-ਰੇਖ ਹੇਠ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਮਨਾਇਆ ਜਾਂਦਾ ਤਿੰਨ ਰੋਜਾ ‘ਰਾਏਕੋਟ ਦਾ ਜੋੜ ਮੇਲਾ’ ਅੱਜ ਵਿਸ਼ਾਲ ਨਗਰ ਕੀਰਤਨ ਨਾਲ ਆਰੰਭ ਹੋ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਵਿਸ਼ਾਲ ਨਗਰ ਕੀਰਤਨ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਵਿਚ ਸ਼ੋਸ਼ਭਿਤ ਸਨ। ਇਸ ਮੌਕੇ ਕਾਗਜੀ ਫੁੱਲਾਂ ਦੀ ਵਰਖਾ ਵਾਲਾ ਜਹਾਜ ਅਤੇ ਹਵਾਈ ਜਹਾਜ਼ ਡਰੋਨ ਨੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦੀ ਸ਼ੋਭਾ ’ਚ ਵਾਧਾ ਕੀਤਾ, ਉਥੇ ਹੀ ਨਗਾਰਾ, ਬੈਂਡ ਵਾਜੇ ਵਾਲਿਆਂ, ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਦੇ ਬੱਚਿਆਂ ਅਤੇ ਗੱਤਕਾ ਜੱਥੇ ਨੇ ਖਾਲਸਾਈ ਜੌਹਰਾਂ ਨਾਲ ਚਾਰ ਚੰਦ ਲਗਾਏ, ਜਦਕਿ ਨਗਰ ਕੀਰਤਨ ਦੌਰਾਨ ਥਾਣਾ ਸਿਟੀ ਦੇ ਐਸਐਚਓ ਕਰਮਜੀਤ ਸਿੰਘ ਦੀ ਦੇਖ-ਰੇਖ ਹੇਠ ਅਤੇ ਏਐਸਆਈ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵੱਲੋਂ ਦਿੱਤੀ ਸਲਾਮੀ ਖਿੱਚ ਦਾ ਅਕਾਰਸ਼ਨ ਰਹੀ। ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਮੁਹੱਲਿਆਂ ਤੇ ਚੌਕਾਂ ਵਿਚੋਂ ਦੀ ਹੁੰਦਾ ਹੋਇਆ ਦੇਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਜਿਸ ਦੌਰਾਨ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਗੁਰ-ਇਤਿਹਾਸ ਸੁਣਾ ਕੇ ਨਿਹਾਲ ਕੀਤਾ, ਉਥੇ ਹੀ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਜੱਥੇ ਨੇ ਕੀਰਤਨ ਦੀ ਸੇਵਾ ਕੀਤੀ। ਨਗਰ ਕੀਰਤਨ ਦੌਰਾਨ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨ ਲਈ ਪੁੱਜੇ ਅੰਤ੍ਰਿਗ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ, ਭਾਈ ਗੁਰਚਰਨ ਸਿੰਘ ਖਾਲਸਾ ਤੇ ਜਰਨੈਲ ਸਿੰਘ ਭੋਤਨਾ(ਦੋਵੇਂ ਸ਼੍ਰੋਮਣੀ ਕਮੇਟੀ ਮੈਂਬਰ), ਐਮਪੀ ਡਾ. ਅਮਰ ਸਿੰਘ, ਕਾਮਿਲ ਅਮਰ ਸਿੰਘ ਹਲਕਾ ਇੰਚਾਰਜ ਕਾਂਗਰਸ ਸਮੇਤ ਵੱਡੀ ਗਿਣਤੀ ’ਚ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਜਗਜੀਤ ਸਿੰਘ ਤਲਵੰਡੀ, ਮੈਨੇਜ਼ਰ ਤਰਸੇਮ ਸਿੰਘ ਬਲਿਆਲ ਤੇ ਹੈੱਡ ਗ੍ਰੰਥੀ ਭਾਈ ਮਹਿੰਦਰ ਸਿੰਘ ਮਾਣਕੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਨਗਰ ਕੀਰਤਨ ਦੌਰਾਨ ਔਰਤਾਂ/ਲੜਕੀਆਂ, ਬੱਚੇ ਤੇ ਨੌਜਵਾਨ ਕੜਾਕੇ ਦੀ ਠੰਡ ਦੌਰਾਨ ਗੁਰੂ ਸਾਹਿਬ ਦੀ ਪਾਲਕੀ ਅੱਗੇ-ਅੱਗੇ ਸਫਾਈ ਕਰ ਰਹੇ ਸਨ ਅਤੇ ਇੰਨ੍ਹਾਂ ਪੜਾਵਾਂ ’ਤੇ ਸੰਗਤਾਂ ਲਈ ਸ਼ਹਿਰ ਵਾਸੀਆਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ, ਜਦਕਿ ਲੰਗਰ ਦੌਰਾਨ ਵਰਤੇ ਡਿਸਪੋਜਲ ਬਰਤਨਾਂ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਜੋੜਾ ਸੰਭਾਲ ਕਮੇਟੀ ਦੇ ਸੇਵਾਦਾਰ ਨਾਲੋ-ਨਾਲ ਸਫਾਈ ਕਰਕੇ ਗੰਦਗੀ ਨੂੰ ਟਰਾਲੀ ’ਚ ਪਾ ਰਹੇ ਸਨ, ਇਸ ਮੌਕੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਨਗਰ ਕੀਰਤਨ ’ਚ ਸ਼ਾਮਲ ਹੋ ਕੇ ਗੁਰੂ ਚਰਨਾਂ ’ਚ ਨਤਮਸਤਕ ਹੋਇਆ। ਨਗਰ ਕੀਰਤਨ ਵਿੱਚ ਖ਼ਾਲਸਾਈ ਬਾਣੇ ਵਿੱਚ ਸਜ ਕੇ ਸ਼ਾਮਲ ਹੋਏ ਛੋਟੇ ਬੱਚੇ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ, ਉਥੇ ਹੀ ਪੱਛਮੀ ਪਹਿਰਾਵੇ ਕਾਰਨ ਸਿੱਖੀ ਸਰੂਪ ਤੋਂ ਦੂਰ ਹੋ ਰਹੇ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਹੇ ਸਨ।

Comment here

Verified by MonsterInsights