News

ਪਿਤਾ ਤੋਂ ਵਾਂਝੀ ਨੰਨ੍ਹੀ ਧੀ ਲਈ ਮਸੀਹਾ ਬਣਿਆ ਸਮਾਜਸੇਵੀ , ਲਿਆ ਗੋਦ

ਪਿਛਲੇ ਦਿਨੀਂ ਜਾਰਜੀਆ ‘ਚ ਹੋਏ ਇੱਕ ਦਰਦਨਾਕ ਹਾਦਸੇ ‘ਚ ਮਾਰੇ ਗਏ 11 ਪੰਜਾਬੀ ਨੌਜਵਾਨਾਂ ‘ਚ ਸ਼ਾਮਲ ਤਰਨਤਾਰਨ ਨਾਲ ਸਬੰਧਿਤ ਸੰਦੀਪ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ. ਸਿੰਘ ਉਬਰਾਏ ਉਚੇਚੇ ਤੌਰ ‘ਤੇ ਤਰਨਤਾਰਨ ਪਹੁੰਚੇ।
ਬਿਨਾਂ ਕਿਸੇ ਸਵਾਰਥ ਤੋਂ ਕੇਵਲ ‘ਸਰਬੱਤ ਦਾ ਭਲਾ’ ਦੇ ਆਪਣੇ ਸੰਕਲਪ ‘ਤੇ ਪਹਿਰਾ ਦੇਣ ਵਾਲੇ ਕੌਮਾਂਤਰੀ ਪੱਧਰ ਦੇ ਉੱਘੇ ਸਮਾਜ ਸੇਵੀ ਡਾ.ਐਸ.ਪੀ.ਸਿੰਘ ਉਬਰਾਏ ਵੱਲੋਂ ਜਿੱਥੇ ਮ੍ਰਿਤਕ ਸੰਦੀਪ ਸਿੰਘ ਦੀ 7 ਸਾਲਾ ਮਾਸੂਮ ਧੀ ਇਕਾਗਰਦੀਪ ਕੌਰ ਨੂੰ ਟਰੱਸਟ ਵੱਲੋਂ ਗੋਦ ਲੈਣ ਤੋਂ ਇਲਾਵਾ ਉਸ ਦੀ ਸਮੁੱਚੀ ਪੜ੍ਹਾਈ ਦਾ ਖਰਚ ਚੁੱਕਣ ਤੇ ਉਸ ਦੇ ਵਿਆਹ ਲਈ 2 ਲੱਖ ਰੁਪਏ ਦੀ ਰਾਸ਼ੀ ਬੈਂਕ ਵਿਚ ਬਤੌਰ ਐਫ. ਡੀ. ਜਮ੍ਹਾਂ ਕਰਵਾਉਣ ਲਈ ਕਿਹਾ ਉੱਥੇ ਹੀ ਉਹਨਾਂ ਸੰਦੀਪ ਦੇ ਪਰਿਵਾਰ ਨੂੰ ਘਰ ਦੇ ਗੁਜ਼ਾਰੇ ਲਈ 5 ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦੇ ਨਾਲ-ਨਾਲ ਉਨਾ ਦੇ ਘਰ ਦੀ ਲੋੜੀਂਦੀ ਮੁਰੰਮਤ ਕਰਾਉਣ ਦਾ ਬੀੜਾ ਚੁੱਕਿਆ ਗਿਆ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਡਾ.ਐਸ.ਪੀ.ਸਿੰਘ ਉਬਰਾਏ ਨੇ ਦੱਸਿਆ ਕਿ ਅੱਜ ਉਹ ਇੱਥੇ ਸੰਦੀਪ ਦੇ ਪਰਿਵਾਰ ਨੂੰ ਦੁਬਈ ਤੋਂ ਮਿਲਣ ਲਈ ਆਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜਾਰਜੀਆ ਹਾਦਸੇ ਉਪਰੰਤ ਇਸ ਹਾਦਸੇ ਦੌਰਾਨ ਜਾਨਾਂ ਗਵਾਉਣ ਵਾਲੇ ਨੌਜਵਾਨਾਂ ਦੇ ਪੀੜ੍ਹਤ ਪਰਿਵਾਰਾਂ ਦੀ ਮਦਦ ਕਰਨ ਲਈ ਲਏ ਗਏ ਆਪਣੇ ਫੈਸਲੇ ਤਹਿਤ ਅੱਜ ਉਨ੍ਹਾਂ ਵੱਲੋਂ ਜਿੱਥੇ ਸੰਦੀਪ ਸਿੰਘ ਦੀ ਪਿਆਰੀ ਬੱਚੀ ਨੂੰ ਗੋਦ ਲੈ ਕੇ ਜਿੱਥੇ ਉਸਦੀ ਸਮੁੱਚੀ ਪੜ੍ਹਾਈ,ਜਿਸ ‘ਚ ਬੇਸ਼ੱਕ ਉਹ ਡਾਕਟਰ, ਇੰਜੀਨੀਅਰ ਜਾਂ ਪਾਇਲਟ ਕੁੱਝ ਵੀ ਬਣੇ ਉਸ ਤੇ ਆਉਣ ਵਾਲਾ ਸਮੁੱਚਾ ਖਰਚ ਉਨ੍ਹਾਂ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਬੱਚੀ ਦੇ ਵਿਆਹ ਲਈ ਉਨ੍ਹਾਂ ਵੱਲੋਂ ਹੁਣ ਤੋਂ ਹੀ 2 ਲੱਖ ਰੁਪਏ ਦੀ ਬੈਂਕ ਐਫ.ਡੀ.ਆਰ. ਬਣਾ ਦਿੱਤੀ ਜਾਵੇਗੀ। ਇੱਥੇ ਉਹਨਾਂ ਇਹ ਵੀ ਦੱਸਿਆ ਕਿ ਸੰਦੀਪ ਦੇ ਪੀੜਤ ਪਰਿਵਾਰ ਦੇ ਗੁਜ਼ਾਰੇ ਲਈ ਉਹਨਾਂ ਨੂੰ ਟਰਸਟ ਵੱਲੋਂ ਪੰਜ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ ਅਤੇ ਪਰਿਵਾਰ ਦੀ ਸਲਾਹ ਅਨੁਸਾਰ ਉਨ੍ਹਾਂ ਦੇ ਘਰ ਦੀ ਲੋੜੀਂਦੀ ਮੁਰੰਮਤ ਵੀ ਕਰਵਾ ਕੇ ਦਿੱਤੀ ਜਾਵੇਗੀ।
ਇਸ ਮੌਕੇ ਪੀੜਤ ਪਰਿਵਾਰ ਦੀ ਨੰਨ੍ਹੀ ਬੱਚੀ ਇਕਾਗਰਦੀਪ ਕੌਰ ਦੇ ਬੋਲਾਂ ਨੇ ਡਾ: ਉਬਰਾਏ ਨੂੰ ਭਾਵੁਕ ਕਰ ਦਿੱਤਾ ਜਦੋਂ ਡਾ: ਉਬਰਾਏ ਵੱਲੋਂ ਕੀਤੀ ਗਈ ਮਾਇਕ ਮਦਦ ਲਈ ਧੰਨਵਾਦ ਕਰਦਿਆਂ ਉਸ ਬੱਚੀ ਨੇ ਕਿਹਾ ਕਿ ਉਹ ਵੱਡੀ ਹੋ ਕੇ ਡਾਕਟਰ ਬਣਕੇ ਡਾ: ਉਬਰਾਏ ਵੱਲੋਂ ਕੀਤੀ ਮਦਦ ਦੇ ਸਾਰੇ ਪੈਸੇ ਵਾਪਸ ਮੋੜ ਦੇਵੇਗੀ, ਜਿਸ ਤੇ ਡਾ.ਉਬਰਾਏ ਨੇ ਉਸ ਦਾ ਸਿਰ ਪਲੋਸਦਿਆਂ ਕਿਹਾ ਕਿ ਬੇਟਾ ਅਸੀਂ ਪੈਸੇ ਨਹੀਂ ਲੈਣੇ ਪਰ ਜਿਸ ਤਰ੍ਹਾਂ ਅਸੀਂ ਤੇਰਾ ਸੁਪਨਾ ਪੂਰਾ ਕੀਤਾ ਹੈ,ਇਸੇ ਤਰ੍ਹਾਂ ਤੂੰ ਵੀ ਵੱਡੀ ਹੋ ਕੇ ਕਿਸੇ ਲੋੜਵੰਦ ਦਾ ਸੁਪਨਾ ਜ਼ਰੂਰ ਪੂਰਾ ਕਰੀਂ।
ਇੱਕ ਸਵਾਲ ਦਾ ਜਵਾਬ ਦਿੰਦਿਆਂ ਡਾਕਟਰ ਉਬਰਾਏ ਨੇ ਇਹ ਵੀ ਦੱਸਿਆ ਕਿ ਉਹ ਜਲਦ ਹੀ ਬਾਕੀ ਪੀੜ੍ਹਤ ਪਰਿਵਾਰਾਂ ਨੂੰ ਵੀ ਮਿਲ ਕੇ ਉਨ੍ਹਾਂ ਦੇ ਆਰਥਿਕ ਪੱਧਰ ਮੁਤਾਬਕ ਉਨ੍ਹਾਂ ਦੀ ਲੋੜੀਂਦੀ ਮਦਦ ਵੀ ਕਰਨਗੇ।

Comment here

Verified by MonsterInsights