ਮਾਛੀਵਾੜਾ ਨਗਰ ਕੌਂਸਲ ਚੋਣਾਂ ਸਬੰਧੀ ਵੱਖ ਵੱਖ ਪਾਰਟੀਆਂ ਦੇ 68 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਜਿਨ੍ਹਾਂ ’ਚੋਂ ਅੱਜ ਚੋਣ ਅਧਿਕਾਰੀ ਰੁਪਿੰਦਰ ਕੌਰ ਨੇ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਉਪਰੰਤ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਹਨ। ਰੱਦ ਹੋਣ ਵਾਲੇ ਉਮੀਦਵਾਰਾਂ ਵਿਚ ਜਿਆਦਾਤਰ ਕਾਂਗਰਸ, ਅਕਾਲੀ, ਭਾਜਪਾ ਅਤੇ ਇੱਕ ‘ਆਪ’ ਆਗੂ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਮਾਛੀਵਾਡ਼ਾ ਦੇ 15 ਵਾਰਡਾਂ ’ਚੋਂ 6 ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਜਿਸ ਵਿਚ ਵਾਰਡ ਨੰਬਰ 1 ਤੋਂ ‘ਆਪ’ ਉਮੀਦਵਾਰ ਪ੍ਰਕਾਸ਼ ਕੌਰ, ਵਾਰਡ ਨੰਬਰ 2 ਤੋਂ ‘ਆਪ’ ਉਮੀਦਵਾਰ ਨਗਿੰਦਰ ਸਿੰਘ ਮੱਕਡ਼, ਵਾਰਡ ਨੰਬਰ 6 ਤੋਂ ‘ਆਪ’ ਆਗੂ ਨੀਰਜ ਕੁਮਾਰ, ਵਾਰਡ ਨੰਬਰ 8 ਤੋਂ ‘ਆਪ’ ਆਗੂ ਕਿਸ਼ੋਰ ਕੁਮਾਰ, ਵਾਰਡ ਨੰਬਰ 11 ਤੋਂ ‘ਆਪ’ ਆਗੂ ਰਵਿੰਦਰਜੀਤ ਕੌਰ, ਵਾਰਡ ਨੰਬਰ 15 ਤੋਂ ‘ਆਪ’ ਉਮੀਦਵਾਰ ਧਰਮਪਾਲ ਅਤੇ ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਅਸ਼ੋਕ ਸੂਦ ਦੇ ਨਾਮ ਸ਼ਾਮਲ ਹਨ ਜਦਕਿ ਬਾਕੀ ਹੁਣ 8 ਵਾਰਡ ਜਿਸ ਵਿਚ ਵਾਰਡ ਨੰਬਰ 3, 4, 5, 7, 9, 10, 12, 13 ਵਿਚ ਮੁਕਾਬਲਾ ਦੇਖਣ ਨੂੰ ਮਿਲੇਗਾ।
ਨਾਮਜ਼ਦਗੀ ਪੱਤਰ ਰੱਦ ਹੋਣ ’ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ
ਮਾਛੀਵਾਡ਼ਾ ਨਗਰ ਕੌਂਸਲ ਚੋਣਾਂ ਸਬੰਧੀ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਇਹ ਭਿਨਕ ਲੱਗ ਚੁੱਕੀ ਸੀ ਕਿ ਉਨ੍ਹਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਸਕਦੇ ਹਨ ਜਿਸ ਲਈ ਉਹ ਬੀਡੀਪੀਓ ਦਫ਼ਤਰ ਪੁੱਜਣੇ ਸ਼ੁਰੂ ਹੋ ਗਏ। ਦੇਰ ਸ਼ਾਮ 7 ਵਜੇ ਜਦੋਂ ਚੋਣ ਅਧਿਕਾਰੀ ਨੇ ਬਾਹਰ ਸੂਚੀ ਲਗਾਈ ਕਿ ਆਮ ਆਦਮੀ ਪਾਰਟੀ ਦੇ 6 ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਹਨ ਤਾਂ ਉਨ੍ਹਾਂ ਪ੍ਰਸਾਸ਼ਨ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਇੰਚਾਰਜ਼ ਰੁਪਿੰਦਰ ਸਿੰਘ ਰਾਜਾ ਗਿੱਲ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਅਤੇ ਭਾਜਪਾ ਦੇ ਜ਼ਿਲਾ ਉਪ ਪ੍ਰਧਾਨ ਸੰਜੀਵ ਲੀਹਲ ਜੋ ਕਿ ਖੁਦ ਉਮੀਦਵਾਰ ਸਨ ਉਨ੍ਹਾਂ ਦੇ ਵੀ ਕਾਗਜ਼ ਰੱਦ ਕਰ ਦਿੱਤੇ ਗਏ, ਨੇ ਕਿਹਾ ਕਿ ਮਾਛੀਵਾਡ਼ਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਨਗਰ ਕੌਂਸਲ ਚੋਣਾਂ ਸਬੰਧੀ ਕਿਸੇ ਸਰਕਾਰ ਨੇ ਐਨੀ ਵੱਡੀ ਧੱਕੇਸ਼ਾਹੀ ਕੀਤੀ ਹੋਵੇ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰ ਤੇ ਪ੍ਰਸਾਸ਼ਨ ਦੀ ਧੱਕੇਸ਼ਾਹੀ ਖਿਲਾਫ਼ ਸਾਰੇ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਭਲਕੇ ਰੋਸ ਪ੍ਰਦਰਸ਼ਨ ਕਰ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਖਡ਼ਕਾਉਣਗੇ।
5-5 ਵਾਰ ਕੌਂਸਲਰ ਰਹੇ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ
ਨਗਰ ਕੌਂਸਲ ਮਾਛੀਵਾਡ਼ਾ ’ਚ 5 ਵਾਰ ਕੌਂਸਲਰ ਰਹੀ ਮਨਜੀਤ ਕੁਮਾਰੀ ਅਤੇ 5 ਵਾਰ ਕੌਂਸਲਰ ਰਹੇ ਪਰਮਜੀਤ ਪੰਮੀ ਜੋ ਕਿ ਕਾਂਗਰਸ ਪਾਰਟੀ ਨਾਲ ਸਬੰਧਿਤ ਹਨ ਉਨ੍ਹਾਂ ਦੇ ਵੀ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਕੁਮਾਰੀ ਨੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼ ਸਾਰਾ ਸ਼ਹਿਰ ਇਕੱਠਾ ਹੋਵੇਗਾ ਅਤੇ ਇਹ ਚੋਣਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ।