News

ਨਗਰ ਨਿਗਮ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ , ਭਲਕੇ ਹੋਵੇਗੀ ਦਸਤਾਵੇਜ਼ਾਂ ਦੀ ਜਾਂਚ!

ਮਾਛੀਵਾਡ਼ਾ ਨਗਰ ਕੌਂਸਲ ਚੋਣਾਂ ਦੇ 15 ਵਾਰਡਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੰਤਿਮ ਦਿਨ ਸੀ ਅਤੇ ਇਸ ਦਿਨ 68 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਚੋਣ ਅਧਿਕਾਰੀ ਬੀਡੀਪੀਓ ਰੁਪਿੰਦਰ ਕੌਰ ਅਤੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਸਮੇਤ 68 ਵਿਅਕਤੀਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਸਪੰਨ ਹੋਇਆ। ਚੋਣ ਅਧਿਕਾਰੀ ਨੇ ਦੱਸਿਆ ਕਿ ਮਾਛੀਵਾਡ਼ਾ ਦੇ 15 ਵਾਰਡਾਂ ਵਿਚ ਕੁੱਲ 18583 ਵੋਟਰ ਹਨ ਜਿਨ੍ਹਾਂ ’ਚੋਂ 9543 ਪੁਰਸ਼ ਅਤੇ 9040 ਔਰਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਭਲਕੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲਿਆਂ ਦੇ ਦਸਤਾਵੇਜ਼ਾਂ ਦੀ ਜਾਂਚ ਹੋਵੇਗੀ ਅਤੇ 14 ਦਸੰਬਰ ਨੂੰ ਕੋਈ ਉਮੀਦਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦਾ ਹੈ ਜਿਸ ਤੋਂ ਬਾਅਦ 4 ਵਜੇ ਚੋਣ ਲਡ਼ਨ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਨਗਰ ਕੌਂਸਲ ਮਾਛੀਵਾਡ਼ਾ ਸਾਹਿਬ ਦੀਆਂ ਪਿਛਲੀਆਂ ਚੋਣਾਂ ਅਕਾਲੀ ਭਾਜਪਾ ਗਠਜੋਡ਼ ਨੇ ਲਡ਼ੀਆਂ ਸਨ ਪਰ ਹੁਣ ਇਹ ਗਠਜੋਡ਼ ਟੁੱਟ ਚੁੱਕਾ ਹੈ ਅਤੇ ਦੋਵੇਂ ਸਿਆਸੀ ਪਾਰਟੀਆਂ ਦੇ ਆਗੂ ਦਾਅਵੇ ਕਰਦੇ ਸਨ ਕਿ ਅਸੀਂ ਅਲੱਗ ਅਲੱਗ ਚੋਣ ਲਡ਼ਾਂਗੇ। ਤਾਜ਼ਾ ਹਾਲਾਤਾਂ ਅਨੁਸਾਰ ਮਾਛੀਵਾਡ਼ਾ ਸਾਹਿਬ ਵਿਚ ਅਕਾਲੀ ਭਾਜਪਾ ਦਾ ਗਠਜੋਡ਼ ਹੋਣਾ ਲੱਗਭਗ ਤੈਅ ਹੈ ਜਿਸ ਦੀ ਪੁਸ਼ਟੀ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੁੱਲ 15 ’ਚੋਂ 11 ਵਾਰਡਾਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਦਕਿ 4 ਵਾਰਡ ਖਾਲੀ ਛੱਡ ਦਿੱਤੇ। ਦੂਸਰੇ ਪਾਸੇ ਭਾਜਪਾ ਨੇ 15 ’ਚੋਂ 7 ਵਾਰਡਾਂ ਵਿਚ ਉਮੀਦਵਾਰਾਂ ਨੇ ਪੱਤਰ ਦਾਖਲ ਕੀਤੇ ਹਨ ਜਿਨ੍ਹਾਂ ਨੇ 8 ਵਾਰਡ ਖਾਲੀ ਛੱਡ ਦਿੱਤੇ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਨਾਲ ਗਠਜੋਡ਼ ਹੋਣ ਸਬੰਧੀ ਗੱਲਬਾਤ ਜਾਰੀ ਹੈ ਅਤੇ ਸੰਭਾਵਨਾ ਕੀਤੀ ਜਾ ਰਹੀ ਹੈ ਕਿ 15 ਵਾਰਡਾਂ ’ਚ ਦੋਵੇਂ ਪਾਰਟੀਆਂ ਸਹਿਮਤੀ ਨਾਲ ਉਮੀਦਵਾਰ ਖਡ਼ੇ ਕਰੇਗੀ। ਭਾਜਪਾ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਨੇ ਅਕਾਲੀ ਦਲ ਨਾਲ ਗਠਜੋਡ਼ ਵਾਲੀ ਗੱਲ ਤਾਂ ਨਹੀਂ ਕਬੂਲੀ ਪਰ ਉਨ੍ਹਾਂ ਇਹ ਕਿਹਾ ਕਿ ਬਾਕੀ 8 ਵਾਰਡ ਜਿਥੇ ਉਮੀਦਵਾਰ ਨਹੀਂ ਖਡ਼ੇ ਹੋਏ ਉੱਥੇ ਜਿਨ੍ਹਾਂ ਨਾਲ ਸਾਡੀ ਪਾਰਟੀ ਵਿਚਾਰਧਾਰਾ ਮਿਲਦੀ ਹੋਵੇਗੀ ਉਨ੍ਹਾਂ ਨੂੰ ਸਮਰਥਨ ਦਿੱਤਾ ਜਾ ਸਕਦਾ ਹੈ। ਮਾਛੀਵਾਡ਼ਾ ਨਗਰ ਕੌਂਸਲ ਦਾ ਵਾਰਡ ਨੰਬਰ 8 ਜਿਸ ਵਿਚ ਬਲੀਬੇਗ ਬਸਤੀ ਏਰੀਆ ਪੈਂਦਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਮਜ਼ੂਦਰ ਰਹਿੰਦੇ ਹਨ। ਇਸ ਵਾਰਡ ਵਿਚ 1140 ਵੋਟਰ ਹਨ ਜਿਨ੍ਹਾਂ ’ਚੋਂ 90 ਪ੍ਰਤੀਸ਼ਤ ਪ੍ਰਵਾਸੀ ਮਜ਼ਦੂਰ ਹਨ, ਇਸ ਲਈ ਹਰੇਕ ਸਿਆਸੀ ਪਾਰਟੀ ਦੀ ਮਜ਼ਬੂਰੀ ਬਣ ਗਈ ਹੈ ਕਿ ਇੱਥੇ ਪ੍ਰਵਾਸੀ ਮਜ਼ਦੂਰ ਨੂੰ ਟਿਕਟ ਦੇ ਕੇ ਕੌਂਸਲਰ ਬਣਾਇਆ ਜਾਂਦਾ ਹੈ। ਪਿਛਲੀ ਵਾਰ ਵੀ ਇੱਥੇ ਪ੍ਰਵਾਸੀ ਮਜ਼ਦੂਰ ਕੌਂਸਲਰ ਸੀ ਅਤੇ ਇਸ ਵਾਰ ਵੀ ‘ਆਪ’, ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਨੇ ਵੀ ਪ੍ਰਵਾਸੀ ਮਜ਼ਦੂਰ ਨੂੰ ਟਿਕਟ ਦੇ ਕੇ ਮੈਦਾਨ ਵਿਚ ਉਤਾਰਿਆ ਹੈ।

Comment here

Verified by MonsterInsights