ਸਪੈਸ਼ਲ ਬੱਚਿਆਂ ਲਈ ਸਰਕਾਰਾਂ ਵੱਲੋਂ ਬਹੁਤ ਕੁਝ ਕਰਨ ਦੇ ਦਾਵੇ ਤਾਂ ਕੀਤੇ ਜਾਂਦੇ ਹਨ ਪਰ ਇਹ ਦਾਵੇ ਜਮੀਨੀ ਹਕੀਕਤ ਤੋਂ ਬਹੁਤ ਦੂਰ ਹਨ । ਇਸ ਦੀ ਇੱਕ ਉਦਾਹਰਨ ਹੈ 20 ਵਰਿਆਂ ਦਾ ਜਮਾਂਦਰੂ ਨੇਤਰਹੀਣ ਗੁਰਸਿੱਖ ਨੌਜਵਾਨ ਗੁਲਸ਼ਨ ਸਿੰਘ ਜਿਸ ਨੇ ਬਚਪਨ ਤੋਂ ਹੀ ਆਪਣੀ ਸਰੀਰਕ ਕਮੀ ਨਾਲ ਲੜਨ ਦਾ ਜਜ਼ਬਾ ਦਿਲ ਵਿੱਚ ਪਾਲ ਲਿਆ ਤੇ ਸੱਤ ਵਰਿਆਂ ਦੀ ਉਮਰ ਵਿੱਚ ਯਤੀਮਖਾਨੇ ਤੋਂ ਪੜ੍ਹਾਈ ਦੇ ਨਾਲ ਨਾਲ ਰੂਹਾਨੀ ਸੰਗੀਤ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਆਪਣੀ ਮਿਹਨਤ ਦੀ ਬਦੌਲਤ ਆਪਣੇ ਅੰਦਰ ਦੇ ਰੱਬੀ ਹੁਨਰ ਨੂੰ ਨਿਖਾਰਿਆ ਤੇ ਸ਼ਬਦ ਗਾਇਣ ਅਤੇ ਤਬਲਾ ਵਜਾਉਣ ਦੀ ਕਾਬਲੀਅਤ ਹਾਸਿਲ ਕੀਤੀ। ਦਸਵੀਂ ਤੱਕ ਬਰੇਨ ਲਿਪੀ ਰਾਹੀ ਪੜ੍ਹਾਈ ਕੀਤੀ ਅਤੇ ਬਾਰਵੀਂ ਅੰਮ੍ਰਿਤਸਰ ਦੇ ਆਮ ਸਰਕਾਰੀ ਸਕੂਲ ਵਿੱਚ ਉੱਥੋਂ ਦੇ ਹੋਰ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੂਰੀ ਕਰ ਲਈ। ਅੱਗੋਂ ਪੜ੍ਹਨਾ ਚਾਹੁੰਦਾ ਸੀ ਪਰ ਬੀ ਏ ਪਹਿਲੇ ਸਾਲ ਦਾ ਪ੍ਰਾਈਵੇਟ ਤੌਰ ਤੇ ਇੱਕ ਪੇਪਰ ਹੀ ਦੇ ਪਾਇਆ , ਦੂਜੇ ਪੇਪਰ ਵਿੱਚ ‘ਰਾਈਟਰ’ ਨਹੀਂ ਮਿਲਿਆ। ਫਿਰ ਵੀ ਬੀਏ ਕਰਨ ਦੀ ਆਸ ਲੈ ਕੇ ਪਿਛਲੇ ਸਾਲ ਸਰਕਾਰੀ ਕਾਲਜ ਵਿਖੇ ਗਿਆ ਪਰ ਐਡਮਿਸ਼ਨ ਨਹੀਂ ਦਿੱਤੀ ਗਈ। 14 ਸਾਲ ਦੀ ਉਮਰ ਸੀ ਜਦੋਂ ਪਿਤਾ ਜੀ ਦੀ ਬਿਮਾਰੀ ਕਾਰਨ ਮੌਤ ਹੋ ਗਈ। ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਜਾਂ ਫਿਰ ਇਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਅੱਗੇ ਖਿਡੋਨੇ ਵੇਚ ਕੇ ਕਿਸੇ ਤਰਹਾਂ ਬੱਚਿਆਂ ਨੂੰ ਪਾਲਦੀ ਰਹੀ ਤੇ ਗੁਲਸ਼ਨ ਸਿੰਘ ਨੇ ਵੀ ਸ਼ਬਦ ਗਾਇਨ ਅਤੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।
ਇੱਕ ਕਮਰੇ ਵਾਲਾ ਬਿਨਾਂ ਛੱਤ ਤੋਂ ਕੱਚਾ ਘਰ ਤਾਂ ਸਰਕਾਰੀ ਗਰਾਂਟ ਨਾਲ ਪੱਕਾ ਬਣ ਗਿਆ ਹੈ ਪਰ ਗੁਲਸ਼ਨ ਸਿੰਘ ਨੂੰ ਸੰਗੀਤ ਅਤੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਨਾ ਤਾਂ ਸਰਕਾਰੀ ਤੌਰ ਤੇ ਅਤੇ ਨਾ ਹੀ ਕਿਸੇ ਜਥੇਬੰਦੀ ਵੱਲੋਂ ਸਹਿਯੋਗ ਮਿਲਿਆ। ਸਾਧਨਾਂ ਦੀ ਕਮੀ ਕਾਰਨ ਗੁਲਸ਼ਨ ਸਿੰਘ ਦਾ ਹੁਨਰ ਵੀ ਦੱਬ ਕੇ ਰਹਿ ਗਿਆ ਹੈ।
ਉੱਥੇ ਹੀ ਪੇਂਟਿੰਗ ਦੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਨਾਮ ਖੱਟ ਚੁੱਕੇ ਚਿੱਤਰਕਾਰ ਜਸਬੀਰ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਅਤੇ ਧਾਰਮਿਕ ਸੰਗਠਨਾਂ ਨੂੰ ਅਜਿਹੇ ਵਿਸ਼ੇਸ਼ ਜ਼ਰੂਰਤਾਂ ਵਾਲੇ ਹੁਨਰਮੰਦ ਵਿਦਿਆਰਥੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ।