ਪਿੰਡ ਤਲਵੰਡੀ ਨਹਿਰ ਤਹਿਸੀਲ ਅਜਨਾਲਾ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਦਾ ਪਾਣੀ ਅਤੇ ਰਸਤਾ ਬੰਦ ਕਰਨ ਦੇ ਰੋਸ ਵਜੋਂ ਬਾਬਾ ਨਛੱਤਰ ਨਾਥ ਅਤੇ ਹੋਰ ਵਾਲਮੀਕਿ ਮਜ਼੍ਹਬੀ ਸਿੱਖ ਸੰਸਥਾਵਾਂ ਵੱਲੋਂ ਏਅਰਪੋਰਟ ਰੋਡ ਚੌਂਕ ਮੀਰਾਂਕੋਟ ਵਿਖੇ ਧਰਨਾ ਲਗਾਇਆ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬਾਬਾ ਨਛੱਤਰ ਨਾਥ ਸ਼ੇਰਗਿੱਲ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਪਿੰਡ ਤਲਵੰਡੀ ਨਹਿਰ ਦੇ ਰਹਿਣ ਵਾਲੇ ਦੋ ਪੁਲਿਸ ਅਧਿਕਾਰੀ ਇੱਕ ਗਰੀਬ ਵਰਗ ਦੇ ਪਰਿਵਾਰ ਨਾਲ ਪਿਛਲੇ ਸੱਤ ਅੱਠ ਸਾਲਾਂ ਤੋਂ ਧੱਕਾ ਕਰ ਰਹੇ ਹਨ ਅਤੇ ਉਸ ਪਰਿਵਾਰ ਦਾ ਰਸਤਾ ਅਤੇ ਪਾਣੀ ਬੰਦ ਕੀਤਾ ਹੋਇਆ ਹੈ । ਜਿਸ ਨਾਲ ਉਸ ਗਰੀਬ ਪਰਿਵਾਰ ਦਾ ਜਿਉਣਾਂ ਮੁਸ਼ਕਲ ਹੋਇਆ ਹੈ । ਦੱਸਣਯੋਗ ਹੈ ਕਿ ਉਹ ਪੰਚਾਇਤੀ ਰਸਤਾ ਹੈ ਅਤੇ ਪਿੰਡ ਦੀ ਪੰਚਾਇਤ ਦੀ ਮਾਲਕੀ ਹੈ ਅਤੇ ਉਹ ਪੁਲਿਸ ਅਧਿਕਾਰੀ ਆਪਣੀ ਨਿੱਜੀ ਜਾਇਦਾਦ ਸਮਝ ਰਹੇ ਹਨ । ਇਸ ਸਬੰਧੀ ਪੰਚਾਇਤ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਹੁਕਮ ਵੀ ਜਾਰੀ ਕੀਤਾ ਸੀ ਕਿ ਇਹਨਾਂ ਲੋਕਾਂ ਤੋਂ ਕਬਜ਼ਾ ਛਡਵਾਇਆ ਜਾਵੇ, ਪਰ ਪੰਚਾਇਤ ਨੇ ਨਾ ਤਾਂ ਕਬਜ਼ਾ ਛੁਡਵਾਇਆ ਅਤੇ ਨਾ ਹੀ ਆਏ ਹੁਕਮਾਂ ਦੀ ਪਾਲਣਾ ਕੀਤੀ ਕਿਉਂਕਿ ਪੰਚਾਇਤ ਵੀ ਉਹਨਾਂ ਲੋਕਾਂ ਦੀ ਹੈ। ਧਰਨੇ ਤੇ ਮੌਜੂਦ ਪੁਲਿਸ ਅਧਿਕਾਰੀ ਡੀ.ਐਸ.ਪੀ ਅਜਨਾਲਾ ਸ੍ਰ ਗੁਰਵਿੰਦਰ ਸਿੰਘ ਨੇ ਬਾਬਾ ਨਛੱਤਰ ਨਾਥ ਸ਼ੇਰ ਗਿੱਲ ਅਤੇ ਉਹਨਾਂ ਦੇ ਸਾਥੀਆਂ ਨੂੰ ਬੈਠ ਕੇ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਪਰ ਸੰਸਥਾਵਾਂ ਵੱਲੋਂ ਇਹ ਕਹਿ ਕੇ ਨਕਾਰ ਦਿੱਤਾ ਗਿਆ ਕਿ ਜਦੋਂ ਤੱਕ ਉਸ ਗਰੀਬ ਪਰਿਵਾਰ ਦਾ ਰਸਤਾ ਖੁਲਵਾਇਆ ਨਹੀਂ ਜਾਂਦਾ ਅਤੇ ਉਹਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਨਹੀਂ ਹੁੰਦੀ ਉਨਾਂ ਚਿਰ ਤੱਕ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ । ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ, ਜੇ ਲੋੜ ਪਈ ਤਾਂ ਪੰਜਾਬ ਵੀ ਬੰਦ ਕੀਤਾ ਜਾਵੇਗਾ |
ਵਾਲਮੀਕਿ ਮਜ਼੍ਹਬੀ ਸਿੱਖ ਸਮਾਜ ਵੱਲੋਂ ਏਅਰਪੋਰਟ ਰੋਡ ਤੇ ਲਾਇਆ ਧਰਨਾ
