ਅੰਮ੍ਰਿਤਸਰ¸ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਗੁਰਪੁਰਬ ਦੇ ਸਬੰਧ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਗਿਆ।
ਇਸ ਪਵਿੱਤਰ ਦਿਹਾੜੇ ਦੇ ਸਬੰਧ ’ਚ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਸਮੂਹ ਕਾਲਜ/ਸਕੂਲਾਂ ਦੇ ਪ੍ਰਿੰਸੀਪਲਾਂ, ਸਟਾਫ਼ ਮੈਂਬਰ ਅਤੇ ਕਰੀਬ ਚਾਰ ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਨਗਰ ਕੀਰਤਨ ’ਚ ਹਾਜ਼ਰੀ ਲਗਵਾ ਕੇ ਇਲਾਹੀ ਨਜ਼ਾਰੇ ਦਾ ਆਨੰਦ ਮਾਣਿਆ। ਨਗਰ ਕੀਰਤਨ ’ਚ ਸ਼ਾਮਿਲ ਵਿਦਿਆਰਥੀ-ਵਿਦਿਆਰਥਣਾਂ ‘ਬੋਲੇ ਸੋ ਨਿਹਾਲ, ਪੰਥ ਕੀ ਜੀਤ’ ਆਦਿ ਜੈਕਾਰੇ ਗੂੰਜਾਉਂਦੇ ਹੋਏ ਸ਼ਾਮਿਲ ਹੋਏ ਅਤੇ ਗੁਰਬਾਣੀ ਸ਼ਬਦ ਦਾ ਉਚਾਰਣ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪਹੁੰਚੇ। ਗੁਰਪੁਰਬ ਮੌਕੇ ਦੇਸ਼-ਵਿਦੇਸ਼ ’ਚ ਵੱਸਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੇ ਸਮੂਹ ਸਟਾਫ਼ ਨੇ ਜਾਰੀ ਆਪਣੇ ਸੰਦੇਸ਼ ’ਚ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੂਰੀ ਲੋਕਾਈ ਨੂੰ ਸਮਾਜਿਕ ਕੁਰੀਤੀਆ ’ਚੋਂ ਕੱਢਦਿਆਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਦਾ ਉਪਦੇਸ਼ ਦਿੱਤਾ। ਉਨ੍ਹਾਂ ਗੁਰੂ ਸਾਹਿਬ ਜੀ ਦੇ ਭਾਈਚਾਰਕ ਸਾਂਝ ਦੇ ਫ਼ਲਸਫ਼ੇ ਅਤੇ ਸਮਾਜ ਨੂੰ ਸੱਚ ਦੇ ਮਾਰਗ ’ਤੇ ਚੱਲਣ ਤੋਂ ਇਲਾਵਾ ਨਾਮ ਸਿਮਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ। ਨਗਰ ਕੀਰਤਨ ਖਾਲਸਾ ਕਾਲਜ ਤੋਂ ਸ਼ੁਰੂ ਹੋ ਕੇ ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁੱਲ ਅਤੇ ਹਾਲ ਬਜਾਰ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਵੇਗਾ ।
Comment here