ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਦੇ ਕਲੱਸਟਰ ਨੰਬਰ ,6 ਦੇ ਰੀਟਰਨਿੰਗ ਅਫ਼ਸਰ ਵੱਲੋਂ ਮਨਮਰਜ਼ੀ ਕਰਦਿਆਂ ਕਰੀਬ 10 ਪਿੰਡਾਂ ਦੇ ਕੁਝ ਪੰਚਾਇਤੀ ਉਮੀਦਵਾਰਾਂ ਨੂੰ ਪਿਛਲੇ ਦੋ ਦਿਨਾਂ ਤੋਂ ਭਾਰੀ ਖੱਜਲ ਖੁਆਰ ਕੀਤਾ ਜਾ ਰਿਹਾ ਹੈ।ਵੱਖ ਵੱਖ ਪਿੰਡਾਂ ਦੇ ਉੁਮੀਦਵਾਰਾਂ ਵੱਲੋਂ ਚੋਣ ਨਿਸ਼ਾਨ ਜਾਰੀ ਨਾ ਕਰਨ, ਕੁਝ ਉਮੀਦਵਾਰਾਂ ਦੇ ਬਿਨਾ ਵਜਾ ਨਾਮਜਦਗੀ ਪੱਤਰ ਰੱਦ ਕਰਨ ਅਤੇ ਕਈ ਉਮੀਦਵਾਰਾਂ ਦੀਆਂ ਵਾਰਡਾਂ ਨੂੰ ਤਬਦੀਲ ਕਰਨ ਦੇ ਦੋਸ਼ ਲਗਾਉਂਦਿਆਂ ਰਾਜਾਸਾਂਸੀ ਵਿਖੇ ਐਸ ਡੀ ਐਮ ਦਫਤਰ ਦਾ ਘਿਰਾਉ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਰੀਟਰਨਿੰਗ ਅਫਸਰ ਨੂੰ ਘੇਰ ਕੇ ਤੁਰੰਤ ਮਸਲੇ ਹੱਲ ਕਰਨ ਲਿਆ ਕਿਹਾ ਗਿਆ।
ਇਹ ਖੱਜਲ ਖੁਆਰ ਹੋ ਰਹੇ ਸਾਰੇ ਉੁਮੀਦਵਾਰ ਆਪਣੇ ਆਪ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦੱਸ ਰਹੇ ਹਨ। ਉਹਨਾਂ ਜਿਲਾ ਪ੍ਰਸ਼ਾਸਨ ਤੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ, ਚੋਣ ਨਿਸ਼ਾਨ ਜਾਰੀ ਕਰਨ, ਵਾਰਡਾਂ ਨੂੰ ਸਹੀ ਕਰਨ ਅਤੇ ਬਿਨਾਂ ਵਜਾ ਰੱਦ ਕੀਤੇ ਨਾਮਜਦਗੀ ਪੱਤਰ ਬਹਾਲ ਕਰਨ ਦੀ ਮੰਗ ਕੀਤੀ ਹੈ ਤੇ ਸੰਬੰਧਿਤ ਰਿਟਰਨਿੰਗ ਅਫਸਰ ਤੇ ਕਾਨੂੰਨੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਸ ਦੌਰਾਨ ਨਾਇਬ ਤਹਸੀਲਦਾਰ ਤਰਲੋਚਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਰੀਟਰਨਿੰਗ ਅਫਸਰ ਸਾਰਾ ਦਿਨ ਆਪਣੀ ਸੀਟ ਤੋਂ ਗਾਇਬ ਰਿਹਾ ਹੈ ਤੇ ਆਪਣੀਆਂ ਮਨਮਰਜ਼ੀ ਕਰ ਰਿਹਾ ਹੈ, ਇਸ ਦੀ ਸਬੰਧਤ ਰਿਪੋਰਟ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ। ਓਧਰ ਧਰਨਾਕਾਰੀਆਂ ਨੂੰ ਸਾਂਤ ਕਰਨ ਭਾਰੀ ਪੁਲਿਸ ਫੋਰਸ ਨਾਲ ਪੁੱਜੇ ਥਾਣਾ ਰਾਜਾਸਾਂਸੀ ਦੇ ਐਸ ਐਚ ਓ ਹਰਚੰਦ ਸਿੰਘ ਨੇ ਕਿਹਾ ਕਿ ਬਲਾਕ ਚੋਗਾਵਾਂ ਦੇ ਕਲੱਸਟਰ ਨੰਬਰ 6 ਦਾ ਰੀਟਰਨਿੰਗ ਅਫਸਰ ਦਿਮਾਗੀ ਤੌਰ ਤੇ ਪਰੇਸ਼ਾਨ ਹੈ, (ਮੈਂਟਲੀ ਅਪਸੈਟ) ਹੈ, ਇਸ ਦੀ ਜਾਣਕਾਰੀ ਐਸ ਡੀ ਐਮ ਨੂੰ ਦਿੱਤੀ ਗਈ ਹੈ, ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਰਾਤ ਦੇ ਸਮੇਂ ਵਿੱਚ ਨਵੇਂ ਸਿਰਿਉਂ ਰੀਟਰਨਿੰਗ ਅਫਸਰ ਨਿਯੁਕਤ ਕਰਕੇ ਸਵੇਰ, 10 ਵਜੇ ਤੱਕ ਸਾਰੀਆਂ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ।