ਪੰਚਾਇਤੀ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਪੰਚੀ ਅਤੇ ਸਰਪੰਚੀ ਲਈ ਆਪਣੇ ਪੇਪਰ ਤਿਆਰ ਕਰਵਾਉਣ ਲਈ ਆਉਂਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਤਹਿਸੀਲ ਕੰਪਲੈਕਸ ਸਮਰਾਲਾ ਵਿਚ ਗੰਦਗੀ ਅਤੇ ਬੰਦ ਪਏ ਬਾਥਰੂਮਾਂ ਨਾਲ ਸਵਾਗਤ ਕੀਤਾ ਜਾ ਰਿਹਾ ਹੈ | ਇਥੇ ਪੁੱਜਣ ਵਾਲੇ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ ਅਤੇ ਬਾਥਰੂਮਾ ਦਾ ਬਦਤਰ ਹਾਲਤ ਵਿਚ ਬੰਦ ਪਏ ਹੋਣਾ ਸਥਾਨਕ ਪ੍ਰਸ਼ਾਸ਼ਨ ਦੀ ਨਾਲਾਇਕੀ ਦੀ ਪੋਲ ਨੂੰ ਖੋਲ੍ਹਦਾ ਹੈ | ਜਾਣਕਾਰੀ ਅਨੁਸਾਰ ਤਹਿਸੀਲ ਸਮਰਾਲਾ ਨਾਲ ਜੁੜੇ ਸੈਂਕੜੇ ਪਿੰਡਾਂ ਵਿਚੋਂ ਪੰਚੀ ਅਤੇ ਸਰਪੰਚੀ ਦੇ ਉਮੀਦਵਾਰ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਇਥੇ ਪੁੱਜਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਦੇ ਨਾਲ ਸਮਰਥਕਾਂ ਦੀ ਗਿਣਤੀ ਵੀ ਬੇਸ਼ੁਮਾਰ ਹੁੰਦੀ ਹੈ | ਇਹ ਲੋਕ ਤਹਿਸੀਲ ਕੰਪਲੈਕਸ ਵਿਚ ਬਣੇ ਟਾਈਪਿਸਟਾਂ ਦੇ ਚੈਬਰਾਂ ਵਿਚੋਂ ਆਪਣੀਆਂ ਫਾਈਲਾਂ ਤਿਆਰ ਕਰਵਾਉਣ ਲਈ ਬੜੇ ਹੀ ਉਤਸ਼ਾਹ ਨਾਲ ਆਉਂਦੇ ਹਨ ਪ੍ਰੰਤੂ ਇਥੇ ਪੁੱਜਣ ‘ਤੇ ਉਨ੍ਹਾਂ ਨੂੰ ਮਜ਼ਬੂਰਨ ਆਪਣੇ ਨੱਕ ‘ਤੇ ਕੱਪੜਾ ਰੱਖਣਾ ਪੈਂਦਾ ਹੈ ਅਤੇ ਬਾਥਰੂਮ ਵਗੈਰਾਂ ਜਾਣ ਲਈ ਤਹਿਸੀਲ ਕੰਪਲੈਕਸ ਤੋਂ ਬਾਹਰ ਹੋਰ ਥਾਂਵਾ ਦੀ ਭਾਲ ਕਰਨੀ ਪੈਂਦੀ ਹੈ | ਜਨਤਕ ਬਾਥਰੂਮਾਂ ਅਤੇ ਸ਼ੌਚਾਲਿਆ ਨੂੰ ਤਾਲੇ ਲਗਾ ਕੇ ਰੱਖੇ ਗਏ ਹਨ | ਇਨ੍ਹਾਂ ਥਾਂਵਾ ਨੂੰ ਤਾਲੇ ਲਗਾਉਣ ਦਾ ਕਾਰਨ ਇਹ ਹੈ ਕਿ ਇਥੇ ਪਿਛਲੇ ਲੰਮੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਮਲਮੂਤਰ ਦੀ ਬਦਬੋ ਅਸਹਿਣਯੋਗ ਹੋ ਚੁੱਕੀ ਸੀ | ਹੁਣ ਇਥੇ ਦੇ ਹਾਲਾਤ ਇਹ ਹਨ ਕਿ ਚਾਰ ਦੇ ਚਾਰੇ ਬਾਥਰੂਮ ਬਿਲਕੁਲ ਬੰਦ ਪਏ ਹਨ ਇਸਤੋਂ ਇਲਾਵਾ ਤਹਿਸੀਲ ਦਫ਼ਤਰ ਵਿਚ ਆਮ ਲੋਕਾਂ ਲਈ ਬਣੇ ਬਾਥਰੂਮ ਦੀ ਸਫਾਈ ਨਾ ਹੋਣ ਦੀ ਸਹੂਲਤ ਵਿਚ ਲਾੱਕ ਕਰ ਦਿੱਤੇ ਗਏ ਹਨ | ਤਹਿਸੀਲਦਾਰ ਦਫ਼ਤਰ ਦੀ ਇਸਤੋਂ ਵੱਡੀ ਨਾਲਾਇਕੀ ਹੋਰ ਕੀ ਹੋ ਸਕਦੀ ਹੈ ਕਿ ਦਫ਼ਤਰ ਦੇ ਅੰਦਰ ਸਟਾਫ਼ ਤੇ ਔਰਤਾਂ ਲਈ ਬਣੇ ਬਾਥਰੂਮਾਂ ਵਿਚ ਇੰਨਾੀ ਗੰਦਗੀ ਹੈ ਕਿ ਜੋ ਬਿਆਨ ਕਰਨ ਦੇ ਵੀ ਲਾਇਕ ਨਹੀਂ | ਤਹਿਸੀਲ ਕੰਪਲੈਕਸ ਵਿਚ ਪੀਣਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਲੋਕ ਪਾਣੀ ਲਈ ਭਟਕਦੇ ਫਿਰਦੇ ਵੇਖੇ ਜਾ ਸਕਦੇ ਹਨ |
ਸਾਵਧਾਨ ! ਜ਼ਰਾ ਬਚ ਕੇ, ਤਹਿਸੀਲਦਾਰ ਦੇ ਦਫ਼ਤਰ ‘ਚ ਸੱਪ ਮੇਲ੍ਹਦੇ..!
ਸਪੇਰੇ ਬੁਲਾ ਕੇ ਦੋ ਸੱਪ ਕੀਤੇ ਕਾਬੂ ਪ੍ਰੰਤੂ ਅਜੇ ਵੀ ਹੋਰ ਸੱਪ ਘੁੰਮ ਰਹੇ ਨੇ ਦਫ਼ਤਰ ਦੇ ਅੰਦਰ
ਸਮਰਾਲਾ– ਤਹਿਸੀਲਦਾਰ ਦਫ਼ਤਰ ਵਿਚ ਮੇਲਦੇ ਜ਼ਹਿਰੀਲੇ ਸੱਪ ਹੁਣ ਤਹਿਸੀਲ ਵਿਚ ਫੈਲੀ ਗੰਦਗੀ ਅਤੇ ਪ੍ਰਸ਼ਾਸ਼ਨ ਦੀ ਨਾਲਾਇਕੀ ਨੂੰ ਤਸਦੀਕ ਕਰਨ ਲੱਗੇ ਹਨ | ਜਾਣਕਾਰੀ ਅਨੁਸਾਰ ਤਹਿਸੀਲਦਾਰ ਦਫ਼ਤਰ ਦੇ ਬਾਹਰ ਕੰਪਲੈਕਸ ਵਿਚ ਫੈਲੀ ਗੰਦਗੀ ਦਾ ਖਮਿਆਜ਼ਾ ਹੁਣ ਸਿਰਫ਼ ਲੋਕ ਹੀ ਨਹੀਂ ਭੁਗਤ ਰਹੇ ਸਗੋਂ ਦਫ਼ਤਰ ਦੇ ਅੰਦਰ ਕੰਮ ਕਰਦੇ ਕਰਮਚਾਰੀ ਅਤੇ ਅਧਿਕਾਰੀ ਵੀ ਹੁਣ ਖੌਫ਼ ਵਿਚ ਕੰਮ ਕਰਨ ਲਈ ਮਜ਼ਬੂਰ ਹਨ ਕਿਉਂਕਿ ਪਤਾ ਨਹੀਂ ਕਦੋਂ ਇਨ੍ਹਾਂ ਦੇ ਦਫ਼ਤਰ ਵਿਚ ਹੀ ਆਲੇ ਦੁਆਲੇ ਲੁਕੇ ਬੈਠੇ ਸੱਪ ਅੱਗੇ ਆ ਕੇ ਮੇਲਣ ਲੱਗ ਜਾਣ ਜਾ ਫਿਰ ਇਨ੍ਹਾਂ ਨੂੰ ਆਪਣੇ ਡੰਗ ਦਾ ਸ਼ਿਕਾਰ ਬਣਾ ਲੈਣ | ਅੱਜ ਇਹ ਸੂਚਨਾਂ ਮਿਲੀ ਕਿ ਸੱਪਾਂ ਦੇ ਖੌਫ਼ ਤੋਂ ਮੁਕਤੀ ਲੈਣ ਲਈ ਦਫ਼ਤਰ ਵੱਲੋਂ ਸਪੇਰਿਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਪਹਿਲਾਂ ਇਕ ਸੱਪ ਫੜਿਆ ਗਿਆ | ਸੱਪ ਫੜਨ ਤੋਂ ਬਾਅਦ ਦਫ਼ਤਰ ਕਰਮਚਾਰੀਆਂ ਵੱਲੋਂ ਦੇਖਿਆਂ ਗਿਆ ਕਿ ਇਹ ਉਹ ਸੱਪ ਨਹੀਂ ਜੋ ਉਨ੍ਹਾਂ ਵੱਲੋਂ ਦਫ਼ਤਰ ਵਿਚ ਦੇਖਿਆ ਜਾ ਚੁੱਕਾ ਹੈ | ਦੁਬਾਰਾ ਬੀਨ ਬਜਾਉਣ ‘ਤੇ ਇਕ ਸੱਪ ਦਫ਼ਤਰ ਵਿਚੋਂ ਹੀ ਮੇਲਦਾ ਹੋਇਆ ਬਾਹਰ ਆਇਆ ਉਸਨੂੰ ਵੀ ਸਪੇਰਿਆਂ ਵੱਲੋਂ ਕਾਬੂ ਕਰ ਲਿਆ ਗਿਆ | ਇਹ ਸੱਪ ਓਹੀ ਸੀ ਜੋ ਦੇਖਿਆ ਗਿਆ ਸੀ | ਸ਼ਨਾਖਤ ਕਰਵਾਉਣ ਤੋਂ ਬਾਅਦ ਜਿਓ ਹੀ ਸਪੇਰੇ ਵਾਪਿਸ ਮੁੜੇ ਤਾਂ ਪਿਛੋਂ ਇਕ ਸੱਪ ਹੋਰ ਧਮਾਲਾ ਪਾਉਂਦਾ ਹੋਇਆ ਬਾਹਰ ਆਇਆ | ਇਸ ਤਰ੍ਹਾਂ ਹੋਣ ‘ਤੇ ਦਫ਼ਤਰ ਵਿਚ ਫਿਰ ਤੋਂ ਹਾਹਾਕਾਰ ਮੱਚ ਗਈ ਅਤੇ ਇਹ ਸੱਪ ਦੇਖਦੇ ਹੀ ਦੇਖਦੇ ਮੁੜ ਤੋਂ ਦਫ਼ਤਰ ਵਿਚ ਪਏ ਸਮਾਨ ਵਿਚ ਲੁਕ ਗਿਆ | ਹੁਣ ਦਫ਼ਤਰ ਵੱਲੋਂ ਮੁੜ ਤੋਂ ਸਪੇਰੇ ਬੁਲਾਏ ਜਾ ਰਹੇ ਹਨ | ਕਿਉਂਕਿ ਇਥੇ ਹੁਣ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਥੇ ਸੱਪ ਇਕ ਤੋਂ ਜ਼ਿਆਦਾ ਹੋ ਸਕਦੇ ਹਨ |