Site icon SMZ NEWS

ਭੈਣ-ਭਰਾ ਨੇ ਸੇਵਾਮੁਕਤ ਅਧਿਆਪਕ ਦੇ ਘਰੋਂ ਕੀਤੀ ਚੋਰੀ ਅਲਮਾਰੀ ਤੋਡ਼ ਕੇ 2.35 ਲੱਖ ਰੁਪਏ ਉਡਾਏ |

ਨੇਡ਼੍ਹਲੇ ਪਿੰਡ ਬੈਰਸਾਲ ਕਲਾਂ ਦੇ ਵਾਸੀ ਸੇਵਾਮੁਕਤ ਅਧਿਆਪਕ ਮਾਸਟਰ ਬਖ਼ਸੀ ਰਾਮ ਦੇ ਘਰੋਂ 2.35 ਲੱਖ ਰੁਪਏ ਚੋਰੀ ਕਰਨ ਦੇ ਕਥਿਤ ਦੋਸ਼ ਹੇਠ ਇਸ ਪਿੰਡ ਦੇ ਹੀ ਵਾਸੀ ਭੈਣ ਜਸ਼ਨਦੀਪ ਕੌਰ ਅਤੇ ਉਸਦੇ ਭਰਾ ਅਕਾਸ਼ਦੀਪ ਨੂੰ ਕਾਬੂ ਕੀਤਾ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਬਖ਼ਸੀ ਰਾਮ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਵਿਚ ਆਪਣੇ ਘਰ ਇਕੱਲਾ ਹੀ ਰਹਿੰਦਾ ਹੈ ਅਤੇ ਲੰਘੀ 30 ਅਗਸਤ ਨੂੰ ਨਿੱਜੀ ਕੰਮਕਾਰ ਸਬੰਧੀ ਘਰ ਨੂੰ ਤਾਲ੍ਹਾ ਲਗਾ ਮਾਛੀਵਾਡ਼ਾ ਸਾਹਿਬ ਆ ਗਿਆ। ਜਦੋਂ ਸ਼ਾਮ ਨੂੰ ਘਰ ਵਾਪਸ ਗਿਆ ਤਾਂ ਉਸਨੇ ਦੇਖਿਆ ਕਿ ਕਮਰੇ ਦੀ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ ਉਸ ਦੇ ਲਾਕਰ ਵਿਚ ਰੱਖੇ ਪੈਸੇ ਵੀ ਗਾਇਬ ਸਨ। ਮਾ. ਬਖ਼ਸੀ ਰਾਮ ਅਨੁਸਾਰ ਉਸਨੇ ਇੱਕ ਪਲਾਟ ਵੇਚਿਆ ਸੀ ਜਿਸ ਦੇ 2.35 ਲੱਖ ਰੁਪਏ ਉਸਨੇ ਅਲਮਾਰੀ ਵਿਚ ਰੱਖੇ ਸਨ। ਪੁਲੀਸ ਵਲੋਂ ਇਸ ਮਾਮਲੇ ’ਚ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਘਰ ਨੇਡ਼੍ਹੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਉਸ ਵਿਚ ਪਿੰਡ ਦੀ ਵਾਸੀ ਜਸ਼ਨਦੀਪ ਕੌਰ ਤੇ ਉਸਦਾ ਭਰਾ ਅਕਾਸ਼ਦੀਪ, ਸੇਵਾਮੁਕਤ ਅਧਿਆਪਕ ਦੇ ਘਰ ਜਾਂਦੇ ਦਿਖਾਈ ਦਿੱਤੇ ਸਨ। ਪੁਲਸ ਨੇ ਇਨ੍ਹਾਂ ਦੋਵੇਂ ਭੈਣ-ਭਰਾਵਾਂ ਨੂੰ ਮਾਛੀਵਾਡ਼ਾ-ਨੂਰਪੁਰ ਰੋਡ ’ਤੇ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਸੇਵਾਮੁਕਤ ਅਧਿਆਪਕ ਦੇ ਘਰੋਂ ਚੋਰੀ ਕਰਨ ਤੋਂ ਬਾਅਦ ਉਨ੍ਹਾਂ ਇਹ ਰਾਸ਼ੀ ਆਪਣੇ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਦਿੱਤੀ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲਿਆ ਜਾਵੇਗਾ ਅਤੇ ਫਿਰ ਪੈਸੇ ਦੀ ਰਿਕਵਰੀ ਕੀਤੀ ਜਾਵੇਗੀ।

Exit mobile version