ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਗੁਰੂ ਕੇ ਲੰਗਰ ’ਚ ਇਕ ਸ਼ਰਾਰਤੀ ਅਨਸਰ ਵੱਲੋਂ ਘਿਨੌਣੀ ਹਰਕਤ ਕਰਦਿਆਂ ਦਾਲ ਵਾਲੀ ਬਾਲਟੀ ’ਚ ਮੀਟ ਪਾਉਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਰਕਤ ਨਾਲ ਗੁਰੂ ਘਰ ਨਾਲ ਜੁੜੀਆਂ ਸੰਗਤਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਗਬੀਰ ਸਿੰਘ ਸੋਖੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਚਰਨ ਸਿੰਘ ਆਲਮਗੀਰ ਅਤੇ ਗੁਰਦੁਆਰਾ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਬਲਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਲਾਪਰਾਂ ਜ਼ਿਲ੍ਹਾ ਲੁਧਿਆਣਾ ਨੇ ਲੰਗਰ ਦੀ ਦਾਲ ਵਾਲੀ ਬਾਲਟੀ ’ਚ ਮੀਟ ਪਾਉਣ ਦੀ ਹਰਕਤ ਕੀਤੀ, ਜਿਸ ਨੂੰ ਸੇਵਾਦਾਰਾਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਥਾਣਾ ਡੇਹਲੋਂ ਦੇ ਜਾਂਚ ਅਧਿਕਾਰੀ ਸੁਲੱਖਣ ਸਿੰਘ ਨੇ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਮੁਲਜ਼ਮ ਦੀ ਇਸ ਹਰਕਤ ਦੀ ਜਾਂਚ-ਪੜਤਾਲ ਕਰਨ ਉਪਰੰਤ 298 ਬੀ.ਐੱਨ.ਐੱਸ. ਤਹਿਤ ਕੇਸ ਦਰਜ ਕੀਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਆਲਮਗੀਰ ਅਤੇ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਗੁਰੂ ਘਰਾਂ ਤੇ ਸਿੱਖੀ ਸਿਧਾਂਤਾਂ ’ਤੇ ਹਮਲੇ ਕੋਈ ਨਵੀਂ ਗੱਲ ਨਹੀਂ, ਇਸ ਦੇ ਪਿੱਛੇ ਗਹਿਰੀ ਸਾਜ਼ਿਸ਼ ਕਰਨ ਵਾਲਾ ਕੌਣ ਹੈ ? ਇਹ ਜਾਂਚ ਦਾ ਵਿਸ਼ਾ ਹੈ, ਜਿਸ ਨੂੰ ਪੁਲਸ ਪ੍ਰਸ਼ਾਸਨ ਜਲਦ ਸਾਹਮਣੇ ਲਿਆਵੇ। ਉਨ੍ਹਾਂ ਕਿਹਾ ਬੇਅਦਬੀ ਵਰਗੀਆਂ ਹਰਕਤਾਂ ਰੋਕਣ ਲਈ ਕਾਨੂੰਨ ਦੀਆਂ ਜੋ ਧਾਰਾਵਾਂ ਬਣਾਈਆਂ ਹਨ, ਉਹ ਨਾ-ਕਾਫੀ ਸਾਬਿਤ ਹੋ ਰਹੀਆਂ ਹਨ। ਕੌਣ ਕਿਸ ਤੋਂ ਕਿਸ ਮਨਸ਼ਾ ਨਾਲ ਬੇਅਦਬੀ ਵਰਗੀਆਂ ਘਿਨੌਣੀਆਂ ਹਰਕਤਾਂ ਕਰਵਾਉਂਦਾ ਹੈ, ਉਸ ਪੱਖ ਨੂੰ ਜਲਦ ਤੋਂ ਜਲਦ ਸਾਹਮਣੇ ਲਿਆਉਣਾ ਚਾਹੀਦਾ ਹੈ।
Comment here