ਮਾਰਚ ਮਹੀਨੇ ਵਿੱਚ ਜੇਈ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਨਿਗਮ ਦੇ ਜੇਈ ਨੇ ਬੀਤੇ ਦਿਨ ਸਵੇਰੇ ਕਰੀਬ 8 ਵਜੇ ਡੀਐਮਯੂ ਸ਼ੈੱਡ ਦੇ ਪਿੱਛੇ ਤੋਂ ਲੰਘਦੀ ਰੇਲਵੇ ਲਾਈਨਾਂ ’ਤੇ ਲੇਟ ਕੇ ਖ਼ੁਦਕੁਸ਼ੀ ਕਰ ਲਈ। ਮਾਲ ਗੱਡੀ ਦੇ ਡਰਾਈਵਰ ਨੇ ਘਟਨਾ ਦੀ ਸੂਚਨਾ ਜੀਆਰਪੀ ਨੂੰ ਦਿੱਤੀ। ਜਦੋਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮ੍ਰਿਤਕ ਦਾ ਲਿਖਿਆ ਇਕ ਸੁਸਾਈਡ ਨੋਟ ਮਿਲਿਆ, ਜਿਸ ‘ਤੇ ਉਸ ਨੇ ਪੂਰੀ ਕਹਾਣੀ ਲਿਖੀ ਸੀ ਕਿ ਕਿਸ ਤਰ੍ਹਾਂ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜੀਆਰਪੀ ਦੇ ਐਸਐਚਓ ਪਲਵਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜੋਗਿੰਦਰ ਕੁਮਾਰ ਪੁੱਤਰ ਪ੍ਰਤਾਪ ਚੰਦ ਵਾਸੀ ਕਮਲ ਵਿਹਾਰ ਵਜੋਂ ਹੋਈ ਹੈ।
ਐਸ.ਐਚ.ਓ ਨੇ ਦੱਸਿਆ ਕਿ ਘਟਨਾ ਸਬੰਧੀ ਜਦੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਤਾਂ ਮ੍ਰਿਤਕ ਦੇ ਲੜਕੇ ਅਮਿਤ ਦੇ ਬਿਆਨਾਂ ‘ਤੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਮ੍ਰਿਤਕ ਜੋਗਿੰਦਰ ਨੇ ਸੁਸਾਈਡ ਨੋਟ ਵਿੱਚ ਨੀਲਕੰਠ ਜੱਜ, ਮਨਜਿੰਦਰ ਸਿੰਘ ਸਿੱਕਾ, ਆਸ਼ੂ, ਸਤਪਾਲ, ਮੁਨੀਸ਼ ਸ਼ਰਮਾ, ਰਮਨ ਕੁਮਾਰ ਅਤੇ ਸੋਹਨ ਲਾਲ ਦੇ ਨਾਂ ਲਿਖੇ ਹਨ। ਇਸ ਵਿੱਚ ਮ੍ਰਿਤਕ ਨੇ ਲਿਖਿਆ ਹੈ ਕਿ ਸੱਤੇ ਵਿਅਕਤੀ ਉਸਨੂੰ ਪੈਸੇ ਅਤੇ ਕਮੇਟੀ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਇਸ ਤੋਂ ਉਹ ਬਹੁਤ ਪਰੇਸ਼ਾਨ ਸੀ। ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।
ਐਸਐਚਓ ਨੇ ਦੱਸਿਆ ਕਿ ਮ੍ਰਿਤਕ ਜੋਗਿੰਦਰ ਜਦੋਂ ਨਿਗਮ ਵਿੱਚ ਕੰਮ ਕਰਦਾ ਸੀ ਤਾਂ ਇਨ੍ਹਾਂ ਸੱਤ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਜੋਗਿੰਦਰ ਕੁਮਾਰ ਖ਼ਿਲਾਫ਼ ਧਾਰਾ 306 ਤਹਿਤ ਕੇਸ ਵੀ ਦਰਜ ਕਰਵਾਇਆ ਸੀ। ਇਸ ਗੱਲ ਨੂੰ ਲੈ ਕੇ ਵੀ ਉਹ ਕਾਫੀ ਚਿੰਤਤ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸੀ ਵਰਕਰ ਤੇ ਆਗੂ ਮੁਲਜ਼ਮਾਂ ਨੂੰ ਬਚਾਉਣ ਲਈ ਸਾਰਾ ਦਿਨ ਥਾਣੇ ਦੇ ਚੱਕਰ ਲਗਾਉਂਦੇ ਰਹੇ। ਪੁਲਸ ਨੇ ਖੁਦਕੁਸ਼ੀ ਨੋਟ ਅਤੇ ਪੁੱਤਰ ਦੇ ਬਿਆਨਾਂ ‘ਤੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।