Site icon SMZ NEWS

ਅਪਾਹਜ ਵਿਅਕਤੀ ਦੇ ਈ ਰਿਕਸ਼ਾ ਤੇ ਸੀ ਚੋਰਾਂ ਦੀ ਨਜ਼ਰ ਸਵਾਰੀ ਬਣ ਕੇ ਲੈ ਗਿਆ ਨਹਿਰ ਤੇ ਫਿਰ ਦਿੱਤਾ ਧੱਕਾ||

ਇੱਕ ਵਿਅਕਤੀ ਦੀ ਅਪਾਹਜ ਵਿਅਕਤੀ ਦੇ ਈ ਰਿਕਸ਼ਾ ਤੇ ਨਜ਼ਰ ਸੀ। ਈ ਰਿਕਸ਼ਾ ਚੋਰੀ ਕਰਨ ਦੀ ਨੀਅਤ ਨਾਲ ਉਹ ਸਵਾਰੀ ਬਣ ਕੇ ਆਇਆ ਤੇ 250 ਰੁਪਏ ਕਿਰਾਏ ਦਾ ਲਾਲਚ ਦੇ ਕੇ ਅਪਾਹਜ ਵਿਅਕਤੀ ਨੂੰ ਨਹਿਰ ਤੇ ਲੈ ਗਿਆ। ਨਹਿਰ ਤੇ ਜਾ ਕੇ ਉਸ ਨੂੰ ਉਤਾਰਿਆ ਤੇ ਨਹਿਰ ਵਿੱਚ ਧੱਕਾ ਦੇ ਦਿੱਤਾ। ਇੱਕ ਲੱਤ ਤੋਂ ਅਪਾਹਜ ਹੋਣ ਕਾਰਨ ਬੇਚਾਰਾ ਈ ਰਿਕਸ਼ਾ ਚਾਲਕ ਬਚਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕਿਆ। ਪੁਲਿਸ ਵੱਲੋਂ ਥਾਣਾ ਸੇਖਵਾਂ ਵਿਖੇ ਕਤਲ ਦਾ ਮਾਮਲਾ ਦਰਜ ਕਰਕੇ ਦੋਸ਼ੀ ਜਰਮਨਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਈ ਰਿਕਸ਼ਾ ਚਾਲਕ ਪਰਮਜੀਤ ਪੰਮਾ ਦੀ ਪਤਨੀ ਅਤੇ ਗਾਂਧੀ ਨਗਰ ਕੈਂਪ ‌ਵਾਰਡ ਨੰਬਰ 6 ਦੇ ਕੌਂਸਲਰ ਹੀਰਾ ਲਾਲ ਨੇ ਦੱਸਿਆ ਕਿ ਪਰਮਜੀਤ ਪੰਮਾ ਇੱਕ ਲੱਤ ਤੋਂ ਅਪਾਹਜ ਸੀ ਅਤੇ ਈ ਰਿਕਸ਼ਾ ਚਲਾ ਕੇ ਪਤਨੀ ਅਤੇ ਦੋ ਛੋਟੇ ਛੋਟੇ ਬੱਚਿਆਂ ਵਾਲੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਹ ਦੋ ਦਿਨ ਤੋਂ ਲਾਪਤਾ ਸੀ। ਬੀਤੇ ਦਿਨ ਉਸ ਨੂੰ ਲੱਭਣ ਲਈ ਜਦੋਂ ਗਏ ਤਾਂ ਉਸਦੇ ਈ ਰਿਕਸ਼ਾ ਦੇ ਨੇੜੇ ਇੱਕ ਸ਼ੱਕੀ ਵਿਅਕਤੀ ਘੁੰਮਦਾ ਹੋਇਆ ਨਜ਼ਰ ਆਇਆ ਜਿਸ ਤੇ ਪੰਮੇ ਦੀ ਪਤਨੀ ਨੇ ਘਰ ਆ ਕੇ ਕੌਂਸਲਰ ਹੀਰਾ ਲਾਲ ਨੂੰ ਦੱਸਿਆ ਤਾਂ ਉਹ ਮੌਕੇ ਤੇ ਗਏ ਅਤੇ ਉਸ ਸ਼ੱਕੀ ਵਿਅਕਤੀ ਕੋਲੋਂ ਪੁੱਛਗਿਛ ਕੀਤੀ । ਜਦੋਂ ਉਸ ਵਿਅਕਤੀ ਨੂੰ ਪੁਲਿਸ ਦਾ ਡਰ ਦਿਖਾਇਆ ਗਿਆ ਤਾਂ ਉਸਨੇ ਦੱਸਿਆ ਕਿ ਉਸ ਦੇ ਜਵਾਈ ਨੇ ਈ ਰਿਕਸ਼ਾ ਉਸਨੂੰ ਦਿੱਤਾ ਹੈ।
ਕੌਂਸਲਰ ਹੀਰਾ ਲਾਲ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਪੁਲਿਸ ਵੱਲੋਂ ਪੜਤਾਲ ਤੋਂ ਬਾਅਦ ਜਰਮਨਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ 250 ਰੁਪਏ ਕਿਰਾਏ ਦਾ ਲਾਲਚ ਦੇ ਕੇ ਪਰਮਜੀਤ ਪੰਮਾ ਦੇ ਈ ਰਿਕਸ਼ਾ ਤੇ ਬਟਾਲਾ ਬੱਸ ਸਟੈਂਡ ਤੇ ਬੈਠਿਆ ਸੀ ਅਤੇ ਉਸਨੂੰ ਲੋਹ ਚੱਕ ਨਹਿਰ ਦੇ ਨੇੜੇ ਲੈ ਗਿਆ। ਨਹਿਰ ਨੇੜੇ ਜਾ ਕੇ ਉਸਨੇ ਪੰਮੇ ਨੂੰ ਈ ਰਿਕਸ਼ਾ ਰੋਕਣ ਤੇ ਬਾਹਰ ਨਿਕਲਣ ਲਈ ਕਿਹਾ। ਜਦੋਂ ਪੰਮਾ ਬਾਹਰ ਆਇਆ ਤਾਂ ਉਸ ਨੂੰ ਨਹਿਰ ਦੇ ਕਿਨਾਰੇ ਲੈ ਗਿਆ ਤੇ ਨਹਿਰ ਵਿੱਚ ਧੱਕਾ ਦੇ ਦਿੱਤਾ। ਕੌਂਸਲਰ ਹੀਰਾ ਲਾਲ ਨੇ ਦੱਸਿਆ ਕਿ ਸਬੰਧਤ ਥਾਣਾ ਸੇਖਵਾਂ ਵਿਖੇ ਜਰਮਨਜੀਤ ਸਿੰਘ ਦੇ ਖਿਲਾਫ ਕਤਲ ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗਿਰਫਤਾਰ ਕਰ ਲਿਆ ਗਿਆ ਹੈ।
ਦੂਜੇ ਪਾਸੇ ਬਾਹਰ ਹੋਣ ਕਾਰਨ ਥਾਣਾ ਸੇਖਵਾਂ ਦੇ ਐਸਐਚਓ ਜਸਜੀਤ ਸਿੰਘ ਨੇ ਫੋਨ ਤੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਦੋਸ਼ੀ ਜਰਮਨਜੀਤ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗਿਰਫਤਾਰ ਕਰ ਲਿਆ ਅਤੇ ਮ੍ਰਿਤਕ ਪਰਮਜੀਤ ਪੰਮਾ ਦਾ ਈ ਰਿਕਸ਼ਾ ਵੀ ਬਰਾਮਦ ਕਰ ਲਿਆ ਗਿਆ ਹੈ‌ ਜਦ ਕਿ ਨਹਿਰ ਵਿੱਚੋਂ ਉਸ ਦੀ ਲਾਸ਼ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Exit mobile version