ਸੰਗਰੂਰ ਹਲਕੇ ਤੋਂ ਸੂਬੇ ਦੀ ਸਭ ਤੋਂ ਛੋਟੀ ਉਮਰ ਦੇ ਅਤੇ ਪਹਿਲੀ ਵਾਰ ਵਿਧਾਇਕ ਬਣੇ ਨਰਿੰਦਰ ਕੌਰ ਭਾਰਜ (28) ਅੱਜ ਪਿੰਡ ਲੱਖੇਵਾਲ ਦੇ ਮਨਦੀਪ ਸਿੰਘ (29) ਨਾਲ ਵਿਆਹ ਬੰਧਨ ‘ਚ ਬੱਝ ਗਏ। ਦੋਵਾਂ ਦੇ ਆਨੰਦ ਕਾਰਜ ਦੀ ਰਸਮ ਪਟਿਆਲਾ ਦੇ ਪਿੰਡ ਰੋਡੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਨਿਭਾਈ ਗਈ। ਵਿਆਹ ਸਮਾਗਮ ਵਿੱਚ ਦੋਵਾਂ ਦੇ ਪਰਿਵਾਰਕ ਮੈਂਬਰਾਂ ਸਣੇ ਕਰੀਬੀ ਜਾਣਕਾਰ ਹੀ ਮੌਜੂਦ ਸਨ। ਵਿਆਹ ਦੀ ਰਸਮ ਨੂੰ ਕਾਫ਼ੀ ਸਾਦਾ ਰੱਖਿਆ ਗਿਆ ਸੀ।
ਨਰਿੰਦਰ ਕੌਰ ਅਤੇ ਮਨਦੀਪ ਸਿੰਘ ਸਕੂਲ ਦੇ ਦਿਨਾਂ ਤੋਂ ਹੀ ਇੱਕ-ਦੂਜੇ ਨੂੰ ਜਾਣਦੇ ਹਨ। ਦੋਵਾਂ ਦੇ ਪਿੰਡ ਦੀ ਦੂਰੀ ਵੀ ਸਿਰਫ਼ 2 ਕਿਲੋਮੀਟਰ ਹੈ। ਮਨਦੀਪ ਸਿੰਘ ‘ਆਪ’ ਦੇ ਵਲੰਟੀਅਰ ਹਨ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਵੀ ਰਹਿ ਚੁੱਕੇ ਹਨ। ਮਨਦੀਪ ਸਿੰਘ ਨੇ ਵੀ ਪਤਨੀ ਨਰਿੰਦਰ ਕੌਰ ਭਾਰਜ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਸੀ।
ਵਿਆਹ ਦੀ ਰਸਮ ਬਹੁਤ ਹੀ ਸਾਦੀ ਰੱਖੀ ਗਈ ਸੀ। ਇਸ ਮੌਕੇ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ ‘ਤੇ ਪਹੁੰਚੇ |
ਮਨਦੀਪ ਸਿੰਘ ਲੱਖੇਵਾਲ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਦਾਦਾ ਮੁਖਤਿਆਰ ਸਿੰਘ ਲੱਖੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਾਫੀ ਲੜਾਈ ਲੜ ਚੁੱਕੇ ਹਨ। ਇਨ੍ਹਾਂ ਦੋਵਾਂ ਦੇ ਪਰਿਵਾਰ ਲੰਬੇ ਸਮੇਂ ਤੋਂ ਨੇੜੇ ਹਨ।
ਨਰਿੰਦਰ ਕੌਰ ਭਾਰਜ ਸੰਗਰੂਰ ਨੇੜਲੇ ਪਿੰਡ ਭਾਰਜ ਦੇ ਇੱਕ ਆਮ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕ ਬਣਨ ਦਾ ਮਾਣ ਹਾਸਲ ਕਰਨ ਵਾਲੇ ਨਰਿੰਦਰ ਕੌਰ ਭਰਾਜ ਮੁੱਖ ਮੰਤਰੀ ਭਗਵੰਤ ਮਾਨ ਰਾਹੀਂ ਹੀ ਸਿਆਸਤ ਵਿੱਚ ਆਏ ਸਨ।
ਪਾਰਟੀ ਦੇ ਇੱਕ ਆਮ ਵਲੰਟੀਅਰ ਵਜੋਂ ਸ਼ੁਰੂਆਤ ਕਰਦੇ ਹੋਏ ਭਰਾਜ ਨੇ ਵਿਧਾਇਕਾ ਤੱਕ ਦਾ ਆਪਣਾ ਸਫ਼ਰ ਸ਼ਾਨਦਾਰ ਢੰਗ ਨਾਲ ਪੂਰਾ ਕੀਤਾ। ਭਰਾਜ ਨੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਵਿਜੇਇੰਦਰ ਸਿੰਗਲਾ, ਭਾਜਪਾ ਦੇ ਅਰਵਿੰਦ ਖੰਨਾ ਵਰਗੇ ਮਹਾਰਥੀਆਂ ਨੂੰ ਹਾਰ ਦਾ ਮੂੰਹ ਵਿਖਾਇਆ ਸੀ। ਭਰਾਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਲਐਲਬੀ ਕੀਤੀ ਹੈ ਅਤੇ ਦੋ ਵਾਰ ‘ਆਪ’ ਦੇ ਜ਼ਿਲ੍ਹਾ ਯੂਥ ਪ੍ਰਧਾਨ ਵੀ ਰਹਿ ਚੁੱਕੇ ਹਨ।
ਵਿਆਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕਾ ਨਰਿੰਦਰ ਕੌਰ ਭਾਰਜ ਨੇ ਕਿਹਾ ਕਿ ਉਹ ਬਹੁਤ ਹੀ ਆਮ ਪਰਿਵਾਰ ਨਾਲ ਸਬੰਧ ਰਖਦੇ ਹਨ। ਉਨ੍ਹਾਂ ਨੇ ਹਰ ਵਾਰ ਲੋਕਾਂ ਨੂੰ ਵਿਆਹ ‘ਤੇ ਬੇਲੋੜਾ ਖਰਚ ਕਰਨ ਤੋਂ ਬਚਣ ਦਾ ਸੰਦੇਸ਼ ਦਿੱਤਾ ਹੈ। ਇਸੇ ਲਈ ਅੱਜ ਉਨ੍ਹਾਂ ਨੇ ਖੁਦ ਇਸ ਨੂੰ ਲਾਗੂ ਕੀਤਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਲਕਾ ਵਾਸੀਆਂ ਨੇ ਉਨ੍ਹਾਂ ‘ਤੇ ਭਰੋਸਾ ਕਰਕੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਜਿਸ ਨੂੰ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕਰ ਰਹੇ ਹਨ। ਹੁਣ ਉਨ੍ਹਾਂ ਨੂੰ ਵਿਆਹ ਕਰਵਾ ਕੇ ਪਰਿਵਾਰ ਦੀ ਜ਼ਿੰਮੇਵਾਰੀ ਮਿਲੀ ਹੈ, ਜਿਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜ਼ਿੰਮੇਵਾਰੀਆਂ ਸਾਂਝੀਆਂ ਕਰਨ ਲਈ ਕਿਸੇ ਦੀ ਲੋੜ ਸੀ, ਇਸ ਲਈ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।