ਦਿੱਲੀ ‘ਚ ਸ਼ੁੱਕਰਵਾਰ ਨੂੰ ਇਕ ਕਲਿਜੁਗੀ ਪੁੱਤ ਨੇ ਪੈਸਿਆਂ ਨੂੰ ਲੈ ਕੇ ਆਪਣੇ ਮਾਪਿਆਂ ‘ਤੇ ਹਮਲਾ ਕਰ ਦਿੱਤਾ। ਇਸ ‘ਚ ਪਿਤਾ ਦੀ ਮੌਤ ਹੋ ਗਈ, ਜਦਕਿ ਮਾਂ ਗੰਭੀਰ ਜ਼ਖਮੀ ਹੋ ਗਈ। ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਵਿੱਚ ਹੀ ਮੁਲਜ਼ਮ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ।
ਡੀਸੀਪੀ (ਪੱਛਮੀ) ਘਨਸ਼ਿਆਮ ਬਾਂਸਲ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਤੜਕੇ 2 ਵਜੇ ਪੱਛਮੀ ਦਿੱਲੀ ਦੇ ਫਤਿਹ ਨਗਰ ਇਲਾਕੇ ਦੀ ਹੈ, ਜਦੋਂ ਮੁਲਜ਼ਮ ਜਸਦੀਪ ਸਿੰਘ (34) ਨੇ ਆਪਣੇ ਮਾਪਿਆਂ ਤੋਂ ਪੈਸੇ ਮੰਗੇ ਅਤੇ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਦੋਵਾਂ ‘ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਦੋਵਾਂ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ, ਜਿਥੇ 65 ਸਾਲਾ ਸਵਰਨਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦੀ 60 ਸਾਲਾ ਪਤਨੀ ਅਜਿੰਦਰ ਕੌਰ ਵਾਲ-ਵਾਲ ਬਚ ਗਈ। ਉਸ ਨੂੰ ਕੁਝ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਕਾਰਨ ਉਸ ਨੂੰ ਸਰ ਗੰਗਾ ਰਾਮ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਡੀਸੀਪੀ ਨੇ ਦੱਸਿਆ ਕਿ ਜਸਦੀਪ ਸਿੰਘ ਵਿਆਹਿਆ ਹੋਇਆ ਹੈ। ਉਹ ਆਪਣੇ ਮਾਪਿਆਂ ਨਾਲ ਰਹਿੰਦਾ ਸੀ। ਉਨ੍ਹਾਂ ਦਾ ਸਟਾਕ ਮਾਰਕੀਟ ਵਿੱਚ 7 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਜਦੋਂ ਉਸ ਦੇ ਮਾਪਿਆਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਗੁੱਸੇ ‘ਚ ਆ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਫਿਲਹਾਲ ਜਸਦੀਪ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।