ਘਰੋਂ ਦੁਸਹਿਰਾ ਦੇਖਣ ਗਏ ਨਾਭਾ ਦੇ ਪਿੰਡ ਮਹਿਸ ਦੇ ਗੁਰਬਖਸ਼ੀਸ਼ ਸਿੰਘ (18) ਦੀ ਕਾਰ ਤੋਂ ਲਾਸ਼ ਮਿਲੀ ਹੈ। ਮਾਂ ਦਾ ਦੋਸ਼ ਹੈ ਕਿ ਕਿਸੇ ਨੇ ਉਸ ਦੇ ਪੁੱਤ ਨੂੰ ਨਸ਼ੀਲੀ ਚੀਜ਼ ਦੀ ਓਵਰਡੋਜ਼ ਦੇ ਦਿੱਤੀ ਜਿਸ ਨਾਲ ਉਸ ਦੀ ਜਾਨ ਚਲੀ ਗਈ। ਮਾਮਲਾ ਬੁੱਧਵਾਰ ਦਾ ਹੈ। ਮਾਂ ਅਮਨਦੀਪ ਕੌਰ ਨੇ ਕਿਹਾ ਕਿ ਗੁਰਬਖਸ਼ੀਸ਼ ਦੁਪਹਿਰ ਢਾਈ ਵਜੇ ਉਸ ਤੋਂ 500 ਰੁਪਏ ਲੈ ਕੇ ਦੁਸਹਿਰਾ ਦੇਖਣ ਦੀ ਗੱਲ ਕਹਿ ਕੇ ਘਰ ਤੋਂ ਕਾਰ ਲੈ ਕੇ ਨਿਕਲਿਆ ਸੀ। ਉਸ ਦੇ ਸਵਾ 2 ਘੰਟੇ ਬਾਅਦ ਉਹ ਪਿੰਡ ਥੂਹੀ ਕੋਲ ਕਾਰ ਵਿਚ ਬੇਹੋਸ਼ ਮਿਲਿਆ।
ਲੋਕਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਮਾਂ ਦਾ ਦੋਸ਼ ਹੈ ਕਿ ਉਸ ਦੇ ਬੇਟੇ ਨੂੰ ਫੋਨ ਕਰਕੇ ਘਰ ਤੋਂ ਬੁਲਾ ਕੇ ਨਸ਼ੀਲੀ ਚੀਜ਼ ਦੀ ਓਵਰਡੋਜ਼ ਦਿੱਤੀ ਗਈ। ਗੁਰਬਖਸ਼ੀਸ਼ ਸਿੰਘ ਪਰਿਵਾਰ ਦਾ ਇਕਲੌਤਾ ਪੁੱਤ ਸੀ। ਗੁਰਬਖਸ਼ੀਸ਼ ਦੇ ਪਿਤਾ ਇਟਲੀ ਰਹਿੰਦੇ ਹਨ ਤੇ ਅਗਲੇ ਮਹੀਨੇ ਪੁੱਤ ਨੇ ਵੀ ਪਿਤਾ ਕੋਲ ਜਾਣਾ ਸੀ।
ਇਸ ਨੂੰ ਲੈ ਕੇ ਤਿਆਰੀਆਂ ਹੋ ਰਹੀਆਂ ਸਨ ਪਰ ਸਾਰੇ ਸੁਪਨੇ ਧਰੇ ਦੇ ਧਰੇ ਹੀ ਰਹਿ ਗਏ। ਮਾਂ ਦੇ ਬਿਆਨਾਂ ‘ਤੇ ਅਣਜਾਨ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਥਾਣਾ ਇੰਚਾਰਜ ਪ੍ਰਿਯਾਸ਼ੂ ਸਿੰਘ ਨੇ ਕਿਹਾ ਕਿ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਸੀ। ਥਾਣਾ ਇੰਚਾਰਜ ਪ੍ਰਿਯਾਂਸ਼ੂ ਸਿੰਘ ਨੇ ਕਿਹਾ ਕਿ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਜਾਂ ਨਹੀਂ ਇਹ ਮੈਡੀਕਲ ਰਿਪੋਰਟ ਵਿਚ ਸਾਫ ਹੋਵੇਗਾ।
ਪੁਲਿਸ ਨੇ ਮੌਤ ਦਾ ਕਾਰਨ ਲੱਭਣਾ ਸ਼ੁਰੂ ਕਰ ਦਿੱਤਾ ਹੈ। ਮ੍ਰਿਤਕ ਦੇ ਫੋਨ ਤੋਂ ਕਾਲ ਡਿਟੇਲ ਕਢਵਾ ਲਈ ਗਈ ਹੈ ਤਾਂ ਕਿ ਪਤਾ ਲੱਗ ਸਕੇ ਕਿ ਘਟਨਾ ਦੇ ਦਿਨ ਉਸ ਦੀ ਕਿੰਨੇ ਲੋਕਾਂ ਨਾਲ ਗੱਲਬਾਤ ਹੋਈ ਸੀ ਤੇ ਉਹ ਕਿਹੜੇ-ਕਿਹੜੇ ਵਿਅਕਤੀ ਦੇ ਸੰਪਰਕ ਵਿਚ ਸੀ।