ਸ਼ਹਿਰਾਂ ਵਿੱਚ ਟਰਾਂਸਪੋਰਟ ਦੀ ਸਹੂਲਤ ਮੁਹੱਈਆ ਕਰਵਾਉਣ ਵਾਲੇ ਐਪ ਆਧਾਰਿਤ ਐਗਰੀਗੇਟਰ ਓਲਾ, ਉਬੇਰ ਅਤੇ ਰੈਪੀਡੋ ਨੂੰ ਤਿੰਨ ਦਿਨਾਂ ਦੇ ਅੰਦਰ ਆਟੋ ਰਿਕਸ਼ਾ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਕਰਨਾਟਕ ਸਰਕਾਰ ਨੇ ਵੱਧ ਕਿਰਾਇਆ ਵਸੂਲਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਮਗਰੋਂ ਕੰਪਨੀਆਂ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ।
ਦੋਸ਼ ਹੈ ਕਿ ਇਹ ਕੰਪਨੀਆਂ ਟਰਾਂਸਪੋਰਟ ਵਿਭਾਗ ਵੱਲੋਂ ਤੈਅ ਕੀਤੇ ਕਿਰਾਏ ਤੋਂ ਕਈ ਗੁਣਾ ਵੱਧ ਵਸੂਲੀ ਕਰਦੀਆਂ ਸਨ। ਇਸ ਸਬੰਧੀ ਮੁਸਾਫ਼ਰ ਨਿੱਤ ਸ਼ਿਕਾਇਤਾਂ ਕਰ ਰਹੇ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਐਗਰੀਗੇਟਰ ਕੰਪਨੀਆਂ ਨੂੰ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਅੰਦਰ ਸੇਵਾਵਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਟਰਾਂਸਪੋਰਟ ਵਿਭਾਗ ਨੇ ਕਈ ਗੁਣਾ ਜ਼ਿਆਦਾ ਫੀਸ ਵਸੂਲਣ ਨੂੰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।
ਦਰਅਸਲ, ਬੈਂਗਲੁਰੂ ਦੇ ਲੋਕਾਂ ਨੇ ਓਲਾ ਅਤੇ ਉਬੇਰ ਐਗਰੀਗੇਟ ‘ਤੇ ਦੋ ਕਿਲੋਮੀਟਰ ਤੋਂ ਘੱਟ ਦੂਰੀ ਲਈ ਵੀ ਕਈ ਗੁਣਾ ਜ਼ਿਆਦਾ ਕਿਰਾਏ ਵਸੂਲਣ ਦਾ ਦੋਸ਼ ਲਾਇਆ ਸੀ। ਟਰਾਂਸਪੋਰਟ ਵਿਭਾਗ ਨੂੰ ਮਿਲੀ ਸ਼ਿਕਾਇਤ ਮੁਤਾਬਕ ਓਲਾ ਅਤੇ ਉਬੇਰ ਐਗਰੀਗੇਟਰ ਦੋ ਕਿਲੋਮੀਟਰ ਤੋਂ ਘੱਟ ਦੀ ਦੂਰੀ ਲਈ ਵੀ ਘੱਟੋ-ਘੱਟ 100 ਰੁਪਏ ਵਸੂਲਦੇ ਹਨ। ਜਦੋਂਕਿ ਸ਼ਹਿਰ ਵਿੱਚ ਦੋ ਕਿਲੋਮੀਟਰ ਲਈ ਆਟੋ ਦਾ ਤੈਅ ਕਿਰਾਇਆ ਵੱਧ ਤੋਂ ਵੱਧ 30 ਰੁਪਏ ਹੈ। ਦੋ ਕਿਲੋਮੀਟਰ ਤੋਂ ਬਾਅਦ ਹਰ ਕਿਲੋਮੀਟਰ ਲਈ ਵੱਧ ਤੋਂ ਵੱਧ 15 ਰੁਪਏ ਪ੍ਰਤੀ ਕਿਲੋਮੀਟਰ ਤੈਅ ਕੀਤਾ ਗਿਆ ਹੈ। ਪਰ ਓਲਾ ਜਾਂ ਉਬੇਰ ਜਾਂ ਕਈ ਹੋਰ ਐਪ ਆਧਾਰਿਤ ਐਗਰੀਗੇਟਰਾਂ ਨੇ ਇਸ ਦੀ ਪਾਲਣਾ ਨਹੀਂ ਕੀਤੀ।
ਕਰਨਾਟਕ ਦੇ ਟਰਾਂਸਪੋਰਟ ਕਮਿਸ਼ਨਰ THM ਕੁਮਾਰ ਨੇ ਕਿਹਾ ਕਿ ਸੂਬੇ ਦੇ ਆਨ-ਡਿਮਾਂਡ ਟਰਾਂਸਪੋਰਟ ਤਕਨਾਲੋਜੀ ਐਗਰੀਗੇਟਰ ਨਿਯਮ ਇਨ੍ਹਾਂ ਕੰਪਨੀਆਂ ਨੂੰ ਆਟੋ-ਰਿਕਸ਼ਾ ਸੇਵਾਵਾਂ ਚਲਾਉਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਇਨ੍ਹਾਂ ਕੰਪਨੀਆਂ ਕੋਲ ਸਿਰਫ ਟੈਕਸੀਆਂ ਚਲਾਉਣ ਦਾ ਅਧਿਕਾਰ ਹੈ। ਕਮਿਸ਼ਨਰ ਨੇ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਐਗਰੀਗੇਟਰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਆਟੋਰਿਕਸ਼ਾ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ-ਨਾਲ ਗਾਹਕਾਂ ਤੋਂ ਵੱਧ ਵਸੂਲੀ ਕੀਤੀ ਜਾ ਰਹੀ ਹੈ, ਜਦਕਿ ਸਰਕਾਰ ਨੇ ਹਰ ਰੂਟ ਅਤੇ ਦੂਰੀ ਲਈ ਦਰ ਤੈਅ ਕੀਤੀ ਹੋਈ ਹੈ। ਇਨ੍ਹਾਂ ਕੰਪਨੀਆਂ ਨੂੰ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ‘ਤੇ ਤਿੰਨ ਦਿਨਾਂ ਅੰਦਰ ਸਾਰੀਆਂ ਆਟੋ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਹੁਕਮਾਂ ਦੀ ਪਾਲਣਾ ਨਾ ਹੋਣ ‘ਤੇ ਕਾਰਵਾਈ ਕੀਤੀ ਜਾਵੇਗੀ।
Comment here