ਦਿੱਲੀ ਹਾਈਕੋਰਟ ਨੇ ਸਰਕਾਰੀ ਪ੍ਰੀਖਿਆਵਾਂ ਵੇਲੇ ਸਿੱਖ ਉਮੀਦਵਾਰਾਂ ਨੂੰ ਕੜਾ ਤੇ ਕਿਰਪਾਨ ਪਹਿਨ ਕੇ ਇਮਤਿਹਾਨ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (DSSSB) ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੂੰ ਸੂਚਿਤ ਕੀਤਾ ਕਿ ਉਸ ਨੇ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜੋ ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ਵਿਚ ਕੜਾ ਜਾਂ ਕਿਰਪਾਨ ਪਹਿਨ ਕੇ ਸ਼ਾਮਲ ਹੋਣ ਦੀ ਇਜਾਜ਼ਤ ਦਿੰਦੇ ਹਨ।
DSSSB ਨੇ ਦੱਸਿਆ ਕਿ ਸਿੱਖ ਉਮੀਦਵਾਰਾਂ ਨੂੰ ਕੜਾ ਜਾਂ ਕਿਰਪਾਨ ਦੇ ਨਾਲ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਨੂੰ ਰਿਪੋਰਟਿੰਗ ਸਮੇਂ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਵਿੱਚ ਪਹੁੰਚਣਾ ਹੋਵੇਗਾ। ਹਾਲਾਂਕਿ, ਬੋਰਡ ਨੇ ਬੈਂਚ ਨੂੰ ਇਹ ਵੀ ਦੱਸਿਆ ਕਿ ਜੇਕਰ ਸਕ੍ਰੀਨਿੰਗ ਦੌਰਾਨ ਕੋਈ ਉਮੀਦਵਾਰ ਇਤਰਾਜ਼ਯੋਗ/ਸ਼ੱਕੀ ਵਸਤੂ ਲੈ ਕੇ ਆਉਂਦਾ ਹੈ, ਤਾਂ ਉਸ ਨੂੰ ਸਬੰਧਤ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
DSSSB ਵੱਲੋਂ ਕੀਤੀਆਂ ਗਈਆਂ ਬੇਨਤੀਆਂ ਦਾ ਨੋਟਿਸ ਲੈਣ ਤੋਂ ਬਾਅਦ ਚੀਫ਼ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਜਸਟਿਸ ਸੁਬਰਾਮੋਨੀਅਮ ਪ੍ਰਸਾਦ ਨੂੰ ਵੀ ਸ਼ਾਮਲ ਕੀਤਾ। ਡਿਵੀਜ਼ਨ ਬੈਂਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSSSB) ਵੱਲੋਂ ਲਾਈ ਪਟੀਸ਼ਨ ਦੀ ਸੁਣਵਾਈ ਕਰ ਰਿਹਾ ਸੀ।
ਅਦਾਲਤ ਨੇ ਕੇਸ ਦਾ ਨਿਪਟਾਰਾ ਕਰਦੇ ਹੋਏ ਕਿਹਾ ਕਿ ਜੇ ਉਮੀਦਵਾਰ ਰਿਪੋਰਟਿੰਗ ਸਮੇਂ ਤੋਂ 1 ਘੰਟਾ ਪਹਿਲਾਂ ਹਾਜ਼ਰ ਨਹੀਂ ਹੋ ਪਾਉਂਦਾ ਤਾਂ ਕੜਾ/ਕਿਰਪਾਨ ਨੂੰ ਪ੍ਰੀਖਿਆ ਹਾਲ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਸਕਦਾ।
ਜ਼ਿਕਰਯੋਗ ਹੈ ਕਿ ਇਸ ਸਾਲ ਦੇ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ, ਜਸਟਿਸ ਰੇਖਾ ਪੱਲੀ ਦੀ ਸਿੰਗਲ ਬੈਂਚ ਨੇ ਕਿਹਾ ਸੀ ਕਿ, ਉਮੀਦ ਕੀਤੀ ਜਾਂਦੀ ਹੈ ਕਿ ਨਾ ਸਿਰਫ਼ DSSSB ਬਲਕਿ ਹੋਰ ਸਾਰੀਆਂ ਭਰਤੀ ਏਜੰਸੀਆਂ ਜੋ ਇਸ ਤਰ੍ਹਾਂ ਦੀਆਂ ਪ੍ਰੀਖਿਆਵਾਂ ਕਰਾਉਂਦੀਆਂ ਹਨ, ਪ੍ਰੀਖਿਆਵਾਂ ਦੇ ਆਯੋਜਨ ਤੋਂ ਪਹਿਲਾਂ ਇਸ ਸਬੰਧ ਵਿੱਚ ਢੁਕਵੇਂ ਕਦਮ ਚੁੱਕਣਗੀਆਂ। .
ਅਦਾਲਤ ਇੱਕ ਸਿੱਖ ਔਰਤ ਨੂੰ ਕੜਾ ਪਹਿਨਣ ਦੇ ਕਾਰਨ, DSSSB ਵੱਲੋਂ ਕਰਵਾਏ ਜਾ ਰਹੇ ਇਮਤਿਹਾਨ ਵਿੱਚ ਐਂਟਰੀ ਨਾ ਮਿਲਣ ਕਰਕੇ ਇਸ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਰਜ ਕਰਵਾਈ ਗਈ ਸੀ।
Comment here