ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਪਿੰਡ-ਪਿੰਡ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰੇਗੀ ਜਿਸ ਦੇ ਸਿੱਟੇ ਵਜੋਂ ਸੂਬੇ ਅੰਦਰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਵਾਲੇ ਖਿਡਾਰੀ ਪੈਦਾ ਹੋਣਗੇ।
ਦੋਹਾ ਵਿਖੇ 7 ਤੋਂ 15 ਅਕਤੂਬਰ ਤੱਕ ਹੋਣ ਵਾਲੇ ਸਟਰੀਟ ਚਾਈਲਡ ਵਰਲਡ ਕੱਪ ਵਿੱਚ ਹਿੱਸਾ ਲੈਣ ਜਾ ਰਹੀ ਯੂਥ ਫੁੱਟਬਾਲ ਕਲੱਬ, ਰੁੜਕਾ ਕਲਾਂ ਦੀ ਟੀਮ ਦੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕਰਨ ਪਹੁੰਚੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਨੂੰ ਪੂਰੀ ਤਵੱਜੋਂ ਦੇ ਕੇ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਮੋਹਰੀ ਬਣਾਉਣਾ ਪੰਜਾਬ ਸਰਕਾਰ ਦਾ ਟੀਚਾ ਹੈ ਜਿਸ ਨੂੰ ਖਿਡਾਰੀਆਂ ਅਤੇ ਸੂਬਾ ਵਾਸੀਆਂ ਦੇ ਸਹਿਯੋਗ ਨਾਲ ਸਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਵਾਈ.ਐਫ.ਸੀ.ਰੁੜਕਾ ਕਲਾਂ ਦੇ ਖਿਡਾਰੀ ਦੋਹਾ ਵਿਖੇ ਸਟਰੀਟ ਚਾਈਲਡ ਵਰਲਡ ਕੱਪ ਲਈ ਜਾ ਰਹੇ ਹਨ ਅਤੇ ਅਜਿਹੇ ਉਪਰਾਲੇ ਹਰ ਪਿੰਡ ਵਿੱਚ ਅਪਣਾਉਣਾ ਸਮੇਂ ਦੀ ਮੁੱਖ ਮੰਗ ਹੈ । ਉਨ੍ਹਾਂ ਕਿਹਾ ਕਿ ਵਾਈ.ਐਫ.ਸੀ. ਮਾਡਲ ਨੂੰ ਅਪਣਾਕੇ ਪੰਜਾਬ ਦੇ ਹੋਰਨਾਂ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਜਾ ਸਕਦੀਆਂ ਹਨ।
ਰੁੜਕਾ ਕਲਾਂ ਵਿਖੇ 65 ਰੈਜੀਡੈਂਸ਼ੀਅਲ ਅਤੇ 40 ਡੇ ਸਕਾਲਰ ਸਪੋਰਟਸ ਵਿੰਗ ਦੀ ਸਥਾਪਤੀ ਦਾ ਐਲਾਨ ਕਰਦਿਆਂ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡ ਵਿੱਚ ਇੰਡੋਰ ਖੇਡਾਂ ਲਈ ਬਹੁਮੰਤਵੀ ਸਪੋਰਟਸ ਹਾਲ ਵੀ ਬਣਾਇਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਵਾਈ.ਐਫ.ਸੀ. ਵਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਪੰਜਾਬ ਸਰਕਾਰ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਖੇਡਾਂ ਅਤੇ ਖਿਡਾਰੀਆਂ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ-ਪਿੰਡ ਖੇਡ ਸਭਿਆਚਾਰ ਦੇ ਪਸਾਰ ਲਈ ਸਿਰਤੋੜ ਯਤਨ ਕੀਤੇ ਜਾਣਗੇ ਕਿਉਂਕਿ ਜਮੀਨੀ ਪੱਧਰ ਤੱਕ ਖੇਡਾਂ ਨੂੰ ਉਤਸ਼ਾਹਿਤ ਕਰਕੇ ਸਮਾਜਿਕ ਅਲਾਮਤਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਖੇਡ ਮੰਤਰੀ ਨੇ ਦੋਹਾ ਵਿਖੇ ਸਟਰੀਟ ਚਾਈਲਡ ਵਰਲਡ ਕੱਪ ਲਈ ਜਾਣ ਵਾਲੇ ਖਿਡਾਰੀਆਂ ਅਤੇ ਕੋਚਾਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਵਲੋਂ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਦੀ ਕਾਮਨਾ ਕੀਤੀ। ਮੀਤ ਹੇਅਰ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਅਵੱਲ ਆਉਣ ਵਾਲੀ ਰੁੜਕਾ ਕਲਾਂ ਦੀ ਟੀਮ ਨੂੰ ਵੀ ਸਨਮਾਨਿਤ ਕੀਤਾ।
ਇਸ ਮੌਕੇ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਆਪਣੇ ਸੰਬੋਧਨ ਵਿੱਚ ਵਾਈ.ਐਫ.ਸੀ. ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੜਕਾ ਕਲਾਂ ਵਲੋਂ ਖੇਡਾਂ ਦੇ ਖੇਤਰ ਵਿੱਚ ਲਾਮਿਸਾਲ ਯੋਗਦਾਨ ਪਾਉਂਦਿਆਂ ਬੁਲੰਦੀਆਂ ਨੂੰ ਛੋਹਿਆ ਗਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਵੱਧ ਤੋਂ ਵੱਧ ਖੇਡਾਂ ਨਾਲ ਜੁੜਕੇ ਸੂਬੇ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ। ਵਾਈ.ਐਫ.ਸੀ. ਦੇ ਪ੍ਰਧਾਨ ਗੁਰਮੰਗਲ ਦਾਸ ਅਤੇ ਸਰਪੰਚ ਕੁਲਵਿੰਦਰ ਕੌਰ ਕੌਲਧਰ ਨੇ ਆਪਣੇ ਸੰਬੋਧਨ ਵਿੱਚ ਸਮੂਹ ਨਗਰ ਨਿਵਾਸੀਆਂ ਅਤੇ ਪੰਚਾਇਤ ਵਲੋਂ ਖੇਡ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਖੇਡਾਂ ਨੂੰ ਹੋਰ ਹੁਲਾਰਾ ਦੇਣ ਵਿੱਚ ਵਾਈ.ਐਫ.ਸੀ. ਨੂੰ ਬੱਲ ਮਿਲੇਗਾ। ਪਦਮਸ੍ਰੀ ਕਰਤਾਰ ਸਿੰਘ ਪਹਿਲਵਾਨ, ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਵੀ ਸੰਬੋਧਨ ਕੀਤਾ।