ਬਿਜਲੀ ਬਿੱਲ ਦਾ ਭੁਗਤਾਨ ਨਾ ਕਰਨ ‘ਤੇ ਪਾਵਰਕਾਮ ਨੇ ਕਾਂਗਰਸ ਭਵਨ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਹੈ। ਜਲੰਧਰ ਦਾ ਕਾਂਗਰਸ ਭਵਨ ਪਿਛਲੇ ਇਕ ਸਾਲ ਤੋਂ ਪਾਵਰਕਾਮ ਦਾ ਡਿਫਾਲਟਰ ਹੈ। ਕਾਂਗਰਸ ਭਵਨ ਦਾ 3 ਲੱਖ 75 ਹਜ਼ਾਰ ਰੁਪਏ ਦਾ ਬਿੱਲ ਬਕਾਇਆ ਹੈ।
ਇਸ ‘ਤੇ ਭਾਜਪਾ ਆਗੂ ਪਰਮਿੰਦਰ ਸਿੰਘ ਬਰਾੜ ਨੇ ਕਾਂਗਰਸ ‘ਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ-‘ਜਿਹੜੇ ਭਾਰਤ ਜੋੜੋ ਯਾਤਰਾ ਕਰਕੇ ਦੇਸ਼ ਰੁਸ਼ਨਾਉਣ ਦੀ ਗੱਲ ਕਰ ਰਹੇ ਨੇ, ਉਨ੍ਹਾਂ ਦੇ ਆਪਣੇ ਭਵਨ ਹਨੇਰੇ ਵਿਚ ਡੁੱਬਦੇ ਜਾ ਰਹੇ ਹਨ। ਰਾਹੁਲ ਗਾਂਧੀ ਨੂੰ ਦੇਸ਼ ਦੀ ਚਿੰਤਾ ਛੱਡ ਆਪਣੇ ਕਾਂਗਰਸ ਭਵਨਾਂ ਦੀ ਚਿੰਤਾ ਕਰਨੀ ਚਾਹੀਦੀ ਹੈ।’
ਦੱਸ ਦੇਈਏ ਕਿ ਜਲੰਧਰ ਕਾਂਗਰਸ ਭਵਨ ਦੀਆਂ ਦੋ ਇਕਾਈਆਂ ਇਕ ਸ਼ਹਿਰੀ ਤੇ ਇਕ ਪੇਂਡੂ ਵਿਚ ਬਿੱਲ ਦਾ ਭੁਗਤਾਨ ਨਾ ਕਰਨ ‘ਤੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਪਾਵਰਕਾਮ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਪਾਵਰਕਾਮ ਕਈ ਮਹੀਨਿਆਂ ਤੋਂ ਡਿਫਾਲਟਰਾਂ ਖਿਲਾਫ ਕਾਰਵਾਈ ਕਰ ਰਹੀ ਹੈ। ਵਿਭਾਗ ਨੇ ਕਾਂਗਰਸ ਭਵਨ ਦੇ ਸੰਚਾਲਕਾਂ ਨੂੰ ਬਿੱਲਾਂ ਦਾ ਭੁਗਤਾਨ ਜਾਰੀ ਰੱਖਣ ਦਾ ਨਿਰਦੇਸ਼ ਦਿੱਤਾ ਸੀ ਪਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਾਰ-ਵਾਰ ਅਪੀਲ ਕਰਨ ਦੇ ਬਾਅਦ ਵੀ ਕਾਰਵਾਈ ਨਹੀਂ ਕੀਤੀ ਗਈ।ਜ਼ਿਕਰਯੋਗ ਹੈ ਕਿ ਲਗਭਗ ਇਕ ਹਫਤੇ ਪਹਿਲਾਂ ਪਾਵਰਕਾਮ ਦੇ ਮੁਲਾਜ਼ਮ ਕੁਨੈਕਸ਼ਨ ਕੱਟਣ ਗਏ ਸਨ ਤਾਂ ਕਾਂਗਰਸ ਨੇਤਾਵਾਂ ਨੇ ਬਿੱਲ ਜਮ੍ਹਾ ਕਰਾਉਣ ਲਈ ਕੁਝਸਮਾਂ ਮੰਗਿਆ। ਇਸ ਦਰਮਿਆਨ ਕਾਂਗਰਸ ਜ਼ਿਲ੍ਹਾ ਪ੍ਰਧਾਨ ਬਲਰਾਜ ਠਾਕੁਰ ਨੇ ਵੀ ਕਾਂਗਰਸ ਦੇ ਕੁਝ ਨੇਤਾਵਾਂ ਤੋਂ ਬਿੱਲ ਜਮ੍ਹਾ ਕਰਾਉਣ ਲਈ ਸੰਪਰਕ ਕੀਤਾ ਸੀ ਪਰ ਫੰਡ ਨਾ ਹੋਣ ਕਾਰਨ ਬਿਲ ਜਮ੍ਹਾ ਨਹੀਂ ਹੋ ਸਕਿਆ। ਕਾਂਗਰਸ ਹਾਊਸਦੇ ਬਕਾਇਆ ਬਿੱਲ ਪਿਛਲੀ ਕਈ ਸਾਲਾਂ ਤੋਂ ਵਧਦੇ ਜਾ ਰਹੇ ਹਨ। ਇਸ ਲਈ ਬਕਾਏਦਾਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।