ਪੰਜਾਬ ਵਿੱਚ ਗੈਂਗਸਟਰਾਂ ਦੀ ਆਨਲਾਈਨ ਭਰਤੀ ਕਰਨ ਵਾਲੇ ਨੌਜਵਾਨ ਨੂੰ ਮਾਨਸਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਨੌਜਵਾਨ ਸਿੱਧੂ ਮੂਸੇਵਾਲਾ ਦਾ ਕੱਟੜ ਫੈਨ ਹੈ । ਫੜਿਆ ਗਿਆ ਨੌਜਵਾਨ ਮਾਨਸਾ ਦਾ ਹੀ ਰਹਿਣ ਵਾਲਾ ਹੈ । ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਵੀ ਸਿੱਧੂ ਨਾਲ ਜੁੜਿਆ ਹੋਇਆ ਸੀ । ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਹ ਬੰਬੀਹਾ ਗੈਂਗ ਨੂੰ ਪਸੰਦ ਕਰਨ ਲੱਗ ਪਿਆ ਸੀ । ਇਸ ਵਿਚਾਲੇ ਉਕਤ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫਾਲੋਅਰਸ ਦੀ ਗਿਣਤੀ ਵਧਾਉਣ ਲਈ ਬੰਬੀਹਾ ਗੈਂਗ ਦਾ ਨਾਮ ਦੀ ਵਰਤੋਂ ਕੀਤੀ । ਦੋਸ਼ੀ ਨੇ ਫੇਸਬੁੱਕ ‘ਤੇ ਆਪਣਾ ਨੰਬਰ ਪਾ ਕੇ ਪੋਸਟ ਸਾਂਝੀ ਕੀਤੀ ਸੀ।
ਇਸ ਸਬੰਧੀ SP ਇਨਵੈਸਟੀਗੇਸ਼ਨ ਨੇ ਦੱਸਿਆ ਕਿ ਐੱਫ. ਆਈ. ਆਰ. ਨੰਬਰ 174 ਤਹਿਤ ਭੀਖੀ ਪੁਲਿਸ ਵੱਲੋਂ ਸੁਖਜੀਤ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਕੇ ਨੌਜਵਾਨ ਮੁੰਡਿਆਂ ਨੂੰ ਬੰਬੀਹਾ ਗਰੁੱਪ ਨਾਲ ਜੁੜਨ ਲਈ ਕਿਹਾ ਸੀ। ਜਿਸ ਨੂੰ ਸਾਈਬਰ ਕ੍ਰਾਈਮ ਦੇ ਸੈੱਲ ਨੇ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ । ਇਸ ਪੋਸਟ ਲਈ ਵਰਤਿਆ ਗਿਆ ਫੋਨ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ।
ਇਸ ਤੋਂ ਅੱਗੇ SP ਨੇ ਦੱਸਿਆ ਕਿ ਸਾਈਬਰ ਸੈੱਲ ਦੀ ਮਦਦ ਨਾਲ ਜਦੋਂ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਤਾਂ ਉਸ ਕੋਲੋਂ ਆਈਫੋਨ-7 ਵੀ ਬਰਾਮਦ ਹੋਇਆ ਹੈ। ਪੁਲਿਸ ਮੁਤਾਬਕ ਫੜੇ ਗਏ ਨੌਜਵਾਨ ‘ਤੇ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ। ਮੂਸੇਵਾਲਾ ਦਾ ਫੈਨ ਹੋਣ ਕਾਰਨ ਉਸ ਨੇ ਭਾਵੁਕ ਹੋ ਕੇ ਇਹ ਕਦਮ ਚੁੱਕਿਆ ਹੈ । ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।