ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ । ਉਨ੍ਹਾਂ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ AIIMS ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਰਾਜੂ ਸ਼੍ਰੀਵਾਸਤਵ ਦੀ ਉਮਰ 58 ਸਾਲ ਦੀ ਸੀ। ਜਦੋਂ ਉਹ ਦਿੱਲੀ ਦੇ ਇੱਕ ਜਿਮ ਵਿੱਚ ਕਸਰਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ । ਰਾਜੂ ਸ਼੍ਰੀਵਾਸਤਵ ਦੀ ਪਤਨੀ, ਬੇਟਾ ਅਤੇ ਬੇਟੀ ਦਿੱਲੀ ਏਮਜ਼ ਪਹੁੰਚ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸਸਕਾਰ ਭਲਕੇ ਨਿਗਮਬੋਧ ਘਾਟ ਦਿੱਲੀ ਵਿੱਚ ਕੀਤਾ ਜਾਵੇਗਾ । ਵਧੇਰੇ ਜਾਣਕਾਰੀ ਦਿੰਦਿਆਂ ਰਾਜੂ ਸ਼੍ਰੀਵਾਸਤਵ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਕਾਫ਼ੀ ਘੱਟ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸੀ.ਪੀ.ਆਰ. ਦਿੱਤਾ ਗਿਆ । ਪਹਿਲਾਂ ਉਨ੍ਹਾਂ ਨੇ ਰਿਸਪਾਂਡ ਕੀਤਾ ਪਰ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋ-ਤਿੰਨ ਦਿਨਾਂ ਵਿੱਚ ਹੀ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾਇਆ ਜਾਣਾ ਸੀ ਤੇ ਉਨ੍ਹਾਂ ਦੀਆਂ ਦਵਾਈਆਂ ਦੀ ਡੋਜ਼ ਵੀ ਕਾਫ਼ੀ ਘਟਾ ਦਿੱਤੀ ਗਈ ਸੀ।ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ ਦਾ ਜਨਮ 25 ਦਸੰਬਰ 1963 ਨੂੰ ਕਾਨਪੁਰ ਵਿੱਚ ਹੋਇਆ ਸੀ। ਬਚਪਨ ਵਿੱਚ ਉਨ੍ਹਾਂ ਦਾ ਨਾਮ ਸੱਤਿਆ ਪ੍ਰਕਾਸ਼ ਸ਼੍ਰੀਵਾਸਤਵ ਸੀ। ਰਾਜੂ ਨੂੰ ਬਚਪਨ ਤੋਂ ਹੀ ਮਿਮਿਕਰੀ ਅਤੇ ਕਾਮੇਡੀ ਦਾ ਸ਼ੌਕ ਸੀ । ਰਾਜੂ ਨੂੰ ਕਾਮੇਡੀ ਸ਼ੋਅ ‘ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਤੋਂ ਪਛਾਣ ਮਿਲੀ ਸੀ। ਇਸ ਸ਼ੋਅ ਦੀ ਸਫ਼ਲਤਾ ਤੋਂ ਬਾਅਦ ਰਾਜੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ । ਰਾਜੂ ਸ਼੍ਰੀਵਾਸਤਵ ਨੇ 1993 ਵਿੱਚ ਸ਼ਿਖਾ ਸ਼੍ਰੀਵਾਸਤਵ ਨਾਲ ਵਿਆਹ ਕਰਵਾਇਆ ਸੀ ਤੇ ਉਨ੍ਹਾਂ ਦੇ ਦੋ ਬੱਚੇ ਹਨ।
ਜ਼ਿਕਰਯੋਗ ਹੈ ਕਿ ਕਾਮੇਡੀਅਨ ਰਾਹੁ ਸ਼੍ਰੀਵਾਸਤਵ ਦੀ ਮੌਤ ਦੀ ਖਬਰ ਮਿਲਣ ਮਗਰੋਂ ਸਾਰਾ ਦੇਸ਼ ਗਮ ਵਿੱਚ ਡੁੱਬ ਗਿਆ ਹੈ। ਰਾਜੂ ਦੀ ਮੌਤ ‘ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਰਾਜੂ ਸ਼੍ਰੀਵਾਸਤਵ ਨੇ ਹਾਸੇ ਤੇ ਸਕਾਰਤਮਕਤਾ ਨਾਲ ਸਾਡੀ ਜ਼ਿੰਦਗੀ ਨੂੰ ਰੌਸ਼ਨ ਕੀਤਾ। ਉਹ ਸਾਨੂੰ ਬਹੁਤ ਜਲਦੀ ਛੱਡ ਗਏ , ਪਰ ਉਹ ਸਾਲਾਂ ਰੱਲ ਆਪਣੇ ਸ਼ਾਨਦਾਰ ਕੰਮ ਦੀ ਬਦੌਲਤ ਅਣਗਿਣਤ ਲੋਕਾਂ ਦੇ ਦਿਲਾਂ ਵਿੱਚ ਜਿਊਂਦੇ ਰਹਿਣਗੇ। ਉਨ੍ਹਾਂ ਦਾ ਦਿਹਾਂਤ ਦੁਖਦ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਹਮਦਰਦੀ।”