Site icon SMZ NEWS

ਵੈਟਰਨਰੀ ਏ. ਆਈ. ਵਰਕਰਾਂ ਵੱਲੋਂ 21 ਸਤੰਬਰ ਨੂੰ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਦੇ ਘਿਰਾਓ ਦਾ ਐਲਾਨ

ਵੈਟਰਨਰੀ ਏ. ਆਈ. ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਜਨਰਲ ਸੈਕਟਰੀ ਸਰਬਜੀਤ ਸਿੰਘ ਅਜਨਾਲਾ ਦੀ ਅਗਵਾਈ ਵਿਚ ਮੋਹਾਲੀ ਵਿਖੇ ਹੋਈ। ਇਸ ਮੌਕੇ ਸੂਬਾ ਪ੍ਰਧਾਨ ਨੇਤਰ ਸਿੰਘ ਰਿਆ ਨੇ ਦੱਸਿਆ ਕਿ ਅਸੀਂ ਪਿਛਲੇ 14 ਸਾਲਾਂ ਤੋਂ ਪਸ਼ੂ ਪਾਲਣ ਵਿਭਾਗ ਵਿਚ ਬਤੌਰ ਏ. ਆਈ. ਵਰਕਰ (ਬਣਾਉਟੀ ਗਰਭਦਾਨ) ਦਾ ਕੰਮ ਬਿਨਾਂ ਕਿਸੇ ਮਿਹਨਤਾਨੇ ਤੋਂ ਕਰਦੇ ਆ ਰਹੇ ਹਾਂ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਬਹੁਤ ਹੀ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਅਸੀਂ 14 ਸਾਲਾਂ ਤੋਂ ਬਿਨਾਂ ਕਿਸੇ ਮਾਣ-ਭੱਤੇ ਜਾਂ ਤਨਖਾਹ ਤੋਂ ਕੰਮ ਕਰ ਰਹੇ ਹਾਂ।

ਵਿਭਾਗ ਸਾਡੇ ਤੋਂ ਪਸ਼ੂ ਭਲਾਈ ਦੀਆਂ ਸਕੀਮਾਂ ਜਿਵੇਂ ਗਲ ਘੋਟੂ ਵੈਕਸੀਨ, ਮੂੰਹ ਖੁਰ ਵੈਕਸੀਨ, ਗੋਟ ਪੌਕਸ ਵੈਕਸੀਨ ਬਰੂਸਿਲੋਸੀਸ ਵੈਕਸੀਨ ਤੇ ਹੋਰ ਕਈ ਤਰ੍ਹਾਂ ਦੀਆਂ ਵੈਕਸੀਨਾਂ, ਪਸ਼ੂ ਭਲਾਈ ਕੈਂਪ, ਪਸ਼ੂ ਮੇਲੀਆਂ ਤੇ ਹੋਰ ਕਈ ਵਿਭਾਗੀ ਕੰਮਾਂ ਵਿਚ ਸਾਡਾ ਸਾਥ ਲੈਂਦਾ ਹੈ। ਪੰਜਾਬ ਵਿਚ ਕੰਮ ਕਰ ਰਿਹਾ ਹਰ ਇਕ ਵਰਕਰ ਵਿਭਾਗੀ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਿਨਾਂ ਕਿਸੇ ਲਾਲਚ ਤੋਂ ਕੰਮ ਕਰ ਰਿਹਾ ਹੈ ਪਰ ਫਿਰ ਵੀ ਵਿਭਾਗ ਵੱਲੋਂ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ।

ਇਨ੍ਹਾਂ ਸਾਲਾਂ ਦੌਰਾਨ ਵਿਭਾਗ ਦੇ ਡਾਇਰੈਕਟਰ, ਸੈਕਟਰੀ ਤੇ ਹੋਰ ਉੱਚ ਅਧਿਕਾਰੀਆਂ ਵਲੋਂ ਸਾਡੇ ਨਾਲ ਹਮੇਸ਼ਾ ਟਾਲ-ਮਟੋਲ ਦੀ ਨੀਤੀ ਅਪਣਾਈ ਗਈ। ਪਿਛਲੀਆਂ ਸਰਕਾਰਾਂ ਵੱਲੋਂ ਸਾਡੀਆਂ ਮੰਗਾਂ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਸਾਨੂੰ ‘ਆਪ’ ਦੀ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਸਾਡੀਆਂ ਜਾਇਜ਼ ਮੰਗਾਂ ਨੂੰ ਇਹ ਸਰਕਾਰ ਵੀ ਅਣਦੇਖੀ ਕਰ ਰਹੀ ਹੈ। ਇਸ ਲਈ ਪੰਜਾਬ ਕਮੇਟੀ ਨੇ ਫੈਸਲਾ ਲਿਆ ਹੈ ਕਿ ਪੰਜਾਬ ਦੇ ਸਮੂਹ ਏ. ਆਈ. ਵਰਕਰਾਂ ਵੱਲੋਂ 21.9.2022 ਨੂੰ ਵਿਭਾਗ ਦੇ ਸਦਰ ਦਫਤਰ ਮੋਹਾਲੀ ਵਿਖੇ ਵਿਭਾਗ ਦੇ ਡਾਇਰੈਕਟਰ ਡਾ. ਸੁਭਾਸ਼ ਚੰਦਰ ਦਾ ਰੋਸ ਵਜੋਂ ਘਿਰਾਓ ਕੀਤਾ ਜਾਵੇਗਾ।

Exit mobile version