ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-II ਦਾ ਅੱਜ ਸਵੇਰੇ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ । ਮਹਾਰਾਣੀ ਦੀ ਮੌਤ ਕਾਰਨ ਪੂਰੇ ਬ੍ਰਿਟੇਨ ਵਿੱਚ ਸੋਗ ਦਾ ਮਾਹੌਲ ਹੈ। ਤਕਰੀਬਨ ਇੱਕ ਘੰਟੇ ਤੱਕ ਚੱਲਣ ਵਾਲਾ ਸਟੇਟ ਫਿਊਨਰਲ ਦਾ ਪ੍ਰੋਗਰਾਮ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਅਤੇ ਬ੍ਰਿਟਿਸ਼ ਸਮੇਂ ਅਨੁਸਾਰ 11 ਵਜੇ ਸ਼ੁਰੂ ਹੋਵੇਗਾ। ਸਟੇਟ ਫਿਊਨਰਲ ਖਤਮ ਹੋਣ ਮਗਰੋਂ ਪੂਰੇ ਦੇਸ਼ ਵਿੱਚ 2 ਮਿੰਟ ਦਾ ਮੌਨ ਰੱਖਿਆ ਜਾਵੇਗਾ।
ਉੱਥੇ ਹੀ ਦੂਜੇ ਪਾਸੇ ਮਹਾਰਾਣੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ 18 ਸਤੰਬਰ ਨੂੰ ਲੰਡਨ ਪਹੁੰਚੀ । ਇੱਥੇ ਵੈਸਟਮਿੰਸਟਰ ਹਾਲ ਵਿੱਚ ਉਨ੍ਹਾਂ ਨੇ ਭਾਰਤ ਦੇ ਲੋਕਾਂ ਵੱਲੋਂ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ । ਉਨ੍ਹਾਂ ਨੇ ਲੰਡਨ ਦੇ ਲੈਂਕੇਸਟਰ ਹਾਊਸ ਵਿਖੇ ਮਹਾਰਾਣੀ ਐਲਿਜ਼ਾਬੈਥ II ਦੀ ਯਾਦ ਵਿੱਚ ਸ਼ੋਕ ਕਿਤਾਬ ‘ਤੇ ਹਸਤਾਖਰ ਵੀ ਕੀਤੇ। ਰਾਸ਼ਟਰਪਤੀ ਮੁਰਮੂ ਨੇ ਇਸ ਤੋਂ ਬਾਅਦ ਬਕਿੰਘਮ ਪੈਲੇਸ ਵਿਖੇ ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ III ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ 96 ਸਾਲ ਦੀ ਮਹਾਰਾਣੀ ਦਾ ਦਿਹਾਂਤ 8 ਸਤੰਬਰ ਨੂੰ ਹੋਇਆ ਸੀ। ਸਭ ਤੋਂ ਪਹਿਲਾਂ ਵੈਸਟਮਿੰਸਟਰ ਹਾਲ ਤੋਂ ਵੈਸਟਮਿੰਸਟਰ ਐਬੇ ਤੱਕ ਮਹਾਰਾਣੀ ਦੀ ਅੰਤਿਮ ਯਾਤਰਾ ਕੱਢੀ ਜਾਵੇਗੀ, ਯਾਨੀ ਉਨ੍ਹਾਂ ਦੇ ਤਾਬੂਤ ਨੂੰ ਵੈਸਟਮਿੰਸਟਰ ਐਬੇ ਲਿਆਂਦਾ ਜਾਵੇਗਾ । ਇਸ ਦੌਰਾਨ ਮਿਲਟਰੀ ਪਰੇਡ ਹੋਵੇਗੀ । ਸ਼ਾਹੀ ਪਰਿਵਾਰ ਦੇ ਮੈਂਬਰ ਵੀ ਸ਼ਾਮਲ ਹੋਣਗੇ।
ਦੱਸ ਦੇਈਏ ਕਿ ਸ਼ਾਹੀ ਰੀਤੀ-ਰਿਵਾਜ਼ਾਂ ਅਨੁਸਾਰ ਮਹਾਰਾਣੀ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਦਿਹਾਂਤ ਦੇ 10 ਦਿਨ ਬਾਅਦ ਕੀਤਾ ਜਾਵੇਗਾ। ਮਹਾਰਾਣੀ ਦੇ ਤਾਬੂਤ ਨੂੰ ਗਨ ਕੈਰਿਜ ਵਿੱਚ ਵੈਸਟਮਿੰਸਟਰ ਐਬੇ ਲਿਜਾਇਆ ਜਾਵੇਗਾ। ਇਸ ਘਨ ਕੈਰਿਜ ਦੀ ਵਰਤੋਂ ਐਡਵਰਡ VII, ਜਾਰਜ V, ਜਾਰਜ VI ਅਤੇ ਸਰ ਵਿੰਸਟਨ ਚਰਚਿਲ ਦੇ ਅੰਤਿਮ ਸਸਕਾਰ ਲਈ ਕੀਤਾ ਗਿਆ ਸੀ। ਇਸ ਨੂੰ 142 ਰਾਇਲ ਨੇਵੀ ਮਲਾਹਾਂ ਵੱਲੋਂ ਖਿੱਚਿਆ ਜਾਵੇਗਾ। ਇੱਥੇ ਸਟੇਟ ਫਿਊਨਰਲ ਦਾ ਪ੍ਰੋਗਰਾਮ ਖਤਮ ਹੋਵੇਗਾ। ਇਸ ਤੋਂ ਬਾਅਦ ਸ਼ਾਹੀ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਲੋਕਾਂ ਦੀ ਮੌਜੂਦਗੀ ਵਿੱਚ ਇੱਕ ਨਿੱਜੀ ਸਮਾਰੋਹ ਹੋਵੇਗਾ । ਰਾਤ 8:30 ਵਜੇ (ਬ੍ਰਿਟਿਸ਼ ਸਮਾਂ, ਸ਼ਾਮ 4 ਵਜੇ) ਕੁਈਨ ਨੂੰ ਦਫ਼ਨਾਇਆ ਜਾਵੇਗਾ।