ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਦੀ ਮਿਲੀ ਆਫਰ ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਤੇ ਵਿਜੀਲੈਂਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਉਨ੍ਹਾਂ ਵਿਧਾਇਕਾਂ ਦੀ ਜਾਂਚ ਹੋ ਰਹੀ ਹੈ ਜਿਨ੍ਹਾਂ ਨੇ ਧਮਕੀਆਂ ਤੇ 25 ਕਰੋੜ ਰੁਪਏ ਆਫਰ ਮਿਲਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਉਨ੍ਹਾਂ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ ਜਿਨ੍ਹਾਂ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ 5 ਵਿਧਾਇਕ ਅਜਿਹੇ ਹਨ ਜਿਨ੍ਹਾਂ ਕੋਲ ਆਡੀਓ ਰਿਕਾਰਡਿੰਗ ਹੈ। ਜਾਂਚ ਲਈ ਟੈਕਨੀਕਲ ਟੀਮ ਦਾ ਗਠਨ ਕੀਤਾ ਗਿਆ ਹੈ। 2 ਵਿਧਾਇਕਾਂ ਵੱਲੋਂ ਆਡੀਓ ਰਿਕਾਰਡਿੰਗ ਸੌਂਪੀ ਗਈ ਹੈ। ਸੂਤਰਾਂ ਮੁਤਾਬਕ ਹੁਣ ਤੱਕ ਦੀ ਜਾਂਚ ਵਿਚ ਤਿੰਨ ਗੱਲਾਂ ਸਾਹਮਣੇ ਆਈਆਂ ਹਨ।
ਪਹਿਲੀ ‘ਆਪ’ ਦੇ ਜਿਹੜੇ ਵਿਧਾਇਕਾਂ ਨੂੰ ਆਫਰ ਆਉਣ ਦੇ ਕਾਲ ਮਿਲਣ ਦਾ ਦਾਅਵਾ ਕੀਤਾ ਗਿਆ ਹੈ, ਉਨ੍ਹਾਂ ਵਿਚੋਂ ਕਈ ਆਪਣੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ, ਦੂਜੀ ਪੰਜੋ ਰਿਕਾਰਡਿੰਗਾਂ ਵਿਚ ਕਾਲ ਕਰਨ ਵਾਲਿਆਂ ਦੀਆਂ ਆਵਾਜ਼ਾਂ ਵੱਖ-ਵੱਖ ਹਨ। ਤੀਜਾ ਮਾਮਲੇ ਵਿਚ ਭਾਜਪਾ ਦੇ 17 ਲੋਕਾਂ ‘ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਉਨ੍ਹਾਂ ਵਿਧਾਇਕਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਜਿਨ੍ਹਾਂ ਨੂੰ ਫੋਨ ਕਾਲ ਕਰਕੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਵਿਧਾਇਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕੁਝ ਲੋਕਾਂ ਨੇ ਉਨ੍ਹਾਂ ਦਾ ਚੰਡੀਗੜ੍ਹ ਤੱਕ ਪਿੱਛਾ ਕੀਤਾ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਆਪ ਦੇ ਵਿਧਾਇਕਾਂ ਨੂੰ ਦੋ ਤਰੀਕੇ ਨਾਲ ਕਾਲ ਕੀਤੇ ਗਏ ਹਨ। ਇਕ ਤਾਂ ਇੰਟਰਨੈੱਟ ਕਾਲਿੰਗ ਨਾਲ ਤੇ ਦੂਜਾ ਸਪੂਫ ਐਪ ਜ਼ਰੀਏ। ਇਨ੍ਹਾਂ ਐਪਸ ਨਾਲ ਕਾਲ ਕਰਨ ਵਾਲੇ ਦੀ ਆਈਡੀ ਬਦਲ ਜਾਂਦੀ ਹੈ, ਜਿਸ ਨਾਲ ਸਾਹਮਣੇ ਵਾਲੇ ਨੂੰ ਲੱਗਦਾ ਹੈ ਕਿ ਕਿਸਾਨ ਕਿਸੇ ਖਾਸ ਵਿਅਕਤੀ ਨੇ ਹੀ ਕੀਤਾ ਹੈ।
ਵਿਧਾਇਕਾਂ ਨੇ ਸ਼ਿਕਾਇਤ ਵਿਚ ਕਿਹਾ ਕਿ ਸਾਨੂੰ ਜੋ ਕਾਲ ਆਈ ਉਸ ਵਿਚ ਸਬੰਧਤ ਵਿਅਕਤੀਆਂ ਨੇ ਆਫਰ ਦੀ ਸ਼ੁਰੂਆਤ 25 ਕਰੋੜ ਰੁਪਏ ਤੋਂ ਕੀਤੀ। ਜ਼ਿਆਦਾਤਰ ਗੱਲ ਕਰਨ ਵਾਲਿਆਂ ਨੇ ਕਿਹਾ ਕਿ ਰਕਮ ਵਧਾਈ ਜਾ ਸਕਦੀ ਹੈ। ਤੁਸੀਂ ਹਾਂ ਕਰੋ ਫਿਰ ਆਪਣੇ ਸੀਨੀਅਰ ਨੇਤਾਵਾਂ ਨਾਲ ਗੱਲ ਕਰਵਾ ਦੇਵਾਂਗੇ।