ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਨ੍ਹੀ ਦਿਨੀਂ ਪੰਜਾਬ ਵਿੱਚ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਜਰਮਨੀ ਵਿੱਚ ਹਨ । CM ਮਾਨ ਨੇ ਜਰਮਨੀ ਦੀ ਪ੍ਰਮੁੱਖ ਕੰਪਨੀ ‘ਵਰਬੀਓ ਗਰੁੱਪ’ ਨੂੰ ਸੂਬੇ ਨਾਲ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਭਵਿੱਖ ਵਿੱਚ ਸਹਿਯੋਗ ਦੇ ਮੌਕੇ ਤਲਾਸ਼ਣ ਲਈ ਕਿਹਾ ਹੈ । ਮੁੱਖ ਮੰਤਰੀ ਨੇ ਆਪਣੀ ਬਰਲਿਨ ਫੇਰੀ ਦੌਰਾਨ ਵਰਬੀਓ ਵੇਰੀਨਿਗਟ ਬਾਇਓ ਐਨਰਜੀ ਏਜੀ ਦੇ ਸੰਸਥਾਪਕ ਤੇ ਸੀ.ਈ.ਓ. ਕਲੌਸ ਸੌਟਰ ਨਾਲ ਮੁਲਾਕਾਤ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਵਰਬੀਓ ਗਰੁੱਪ ਦਾ ਸੂਬੇ ਨਾਲ ਮਜ਼ਬੂਤ ਰਿਸ਼ਤਾ ਹੈ, ਕਿਉਂਕਿ ਇਸ ਦੀ ਭਾਰਤੀ ਸਹਾਇਕ ਕੰਪਨੀ ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਹਾਲ ਹੀ ਵਿੱਚ ਭਾਰਤ ਵਿੱਚ ਸਭ ਤੋਂ ਵੱਡੇ ਬਾਇਓਫਿਊਲ (ਬਾਇਓਮੀਥੇਨ/ਬਾਇਓ-ਸੀਐਨਜੀ) ਉਤਪਾਦਨ ਯੂਨਿਟਾਂ ਵਿੱਚੋਂ ਇੱਕ 33 ਟੀ.ਪੀ.ਡੀ. (ਟਨ ਪ੍ਰਤੀ ਦਿਨ) ਦੀ ਸਮਰੱਥਾ ਵਾਲਾ ਬਾਇਓ-ਸੀ.ਐਨ.ਜੀ. ਪ੍ਰਾਜੈਕਟ ਸੰਗਰੂਰ ਵਿਖੇ ਚਾਲੂ ਕੀਤਾ ਹੈ । ਉਨ੍ਹਾਂ ਕਿਹਾ ਕਿ 80,000 ਕਿਊਬਕ ਮੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲਾ ਬਾਇਓ-ਸੀਐਨਜੀ ਪ੍ਰੋਜੈਕਟ ਬਾਇਓਗੈਸ ਪੈਦਾ ਕਰੇਗਾ, ਜੋ ਪਰਾਲੀ ਸਾੜਨ ਦੀ ਸਮੱਸਿਆ ਨੂੰ ਹੱਲ ਕਰਨ ਦਾ ਵਧੀਆ ਤਰੀਕਾ ਹੈ। ਭਗਵੰਤ ਮਾਨ ਨੇ ਸੂਬੇ ਵਿੱਚ ਉਦਯੋਗਿਕ ਵਾਤਾਵਰਣ ਦੇ ਵਿਕਾਸ ਲਈ ਆਪਣੇ ਏਜੰਡੇ ਅਤੇ ਨੀਤੀਆਂ ਨੂੰ ਸਾਂਝਾ ਕਰਦੇ ਹੋਏ ਵਰਬੀਓ ਗਰੁੱਪ ਨੂੰ ਪੰਜਾਬ ਨਾਲ ਆਪਣੀ ਸਾਂਝ ਵਧਾਉਣ ਅਤੇ ਸੂਬੇ ਵਿੱਚ ਹੋਰ ਕਾਰੋਬਾਰ ਸਥਾਪਤ ਕਰਨ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਅਤੇ ਕਲੌਸ ਸੌਟਰ ਨੇ ਸੂਬੇ ਵਿੱਚ ਗਰੁੱਪ ਦੇ ਪ੍ਰੋਜੈਕਟ ਅਤੇ ਸੂਬੇ ਦੀ ਖੇਤੀ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਇਸ ਦੇ ਯੋਗਦਾਨ ਬਾਰੇ ਚਰਚਾ ਕੀਤੀ। ਭਗਵੰਤ ਮਾਨ ਨੇ ਸੀ.ਈ.ਓ. ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਪ੍ਰੋਜੈਕਟ ਲਈ ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਵਾਤਾਵਰਣ ਸਮੇਤ ਸਾਰੀਆਂ ਧਿਰਾਂ ਲਈ ਲਾਹੇਵੰਦ ਕਦਮ ਚੁੱਕਣ ਲਈ ਵਚਨਬੱਧ ਹੈ।
ਮੁੱਖ ਮੰਤਰੀ ਨੇ ਕਲੌਸ ਸੌਟਰ ਅਤੇ ਵਰਬੀਓ ਮੈਨੇਜਮੈਂਟ ਨੂੰ 23-24 ਫਰਵਰੀ, 2023 ਨੂੰ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਵਿੱਚ ਪੰਜਾਬ ਵਿੱਚ ਕੰਮ ਕਰਨ ਬਾਰੇ ਆਪਣੇ ਤਜਰਬੇ ਸਾਂਝੇ ਕਰਨ ਅਤੇ ਨਵਿਆਉਣਯੋਗ ਊਰਜਾ ਖੇਤਰ ਵਿੱਚ ਭਵਿੱਖ ਵਿੱਚ ਸਹਿਯੋਗ ਦੇ ਮੌਕਿਆਂ ਦੀ ਤਲਾਸ਼ਣ ਦਾ ਸੱਦਾ ਦਿੱਤਾ। ਇਸ ਦੌਰਾਨ ਵਰਬੀਓ ਗਰੁੱਪ ਨੇ ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਦੁਆਰਾ ਆਪਣੇ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਸੂਬੇ ਵਿੱਚ ਆਪਣੀਆਂ ਭਵਿੱਖੀ ਵਿਸਤਾਰ ਯੋਜਨਾਵਾਂ ਬਾਰੇ ਵੀ ਚਰਚਾ ਕੀਤੀ।
Comment here