ਕੈਨੇਡਾ ਦੇ ਸਵਾਮੀਨਾਰਾਇਣ ਮੰਦਰ ‘ਚ ਭੰਨਤੋੜ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਣਪਛਾਤੇ ਲੋਕਾਂ ਨੇ ਮੰਦਰ ਦੀਆਂ ਕੰਧਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਭਾਰਤ ਵਿਰੋਧੀ ਨਾਅਰੇ ਲਿਖੀਆਂ। ਭਾਰਤ ਸਰਕਾਰ ਨੇ ਇਸ ਮਾਮਲੇ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਅਸੀਂ ਟੋਰਾਂਟੋ ਦੇ ਸਵਾਮੀਨਾਰਾਇਣ ਮੰਦਰ ਦੀ ਭੰਨਤੋੜ ਅਤੇ ਕੰਧਾਂ ‘ਤੇ ਲਿਖੇ ਭਾਰਤ ਵਿਰੋਧੀ ਸ਼ਬਦਾਂ ਦੀ ਨਿੰਦਾ ਕਰਦੇ ਹਾਂ। ਅਸੀਂ ਕੈਨੇਡੀਅਨ ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਘਟਨਾ 13 ਸਤੰਬਰ ਦੀ ਦੱਸੀ ਜਾ ਰਹੀ ਹੈ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਇਹ ਘਟਨਾ ਦੁਪਹਿਰ 2 ਤੋਂ 3 ਵਜੇ ਦੇ ਦਰਮਿਆਨ ਵਾਪਰੀ। ਦੋਸ਼ੀ ਨੇ ਕੰਧਾਂ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਿਖੇ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਸ ਘਟਨਾ ਨੂੰ ਕਿਸ ਨੇ ਅੰਜ਼ਾਮ ਦਿੱਤਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਪਿੱਛੇ ਕਿਸੇ ਸੰਗਠਨ ਨਾਲ ਜੁੜੇ ਲੋਕਾਂ ਦਾ ਵੀ ਹੱਥ ਹੋ ਸਕਦਾ ਹੈ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਆਪਣੀ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ- ਇਸ ਤਰ੍ਹਾਂ ਦੀ ਨਫ਼ਰਤ ਦੀ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ। ਉਮੀਦ ਹੈ ਕਿ ਜਿੰਮੇਵਾਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇਗਾ। ਕੈਨੇਡਾ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਕਿਹਾ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਪਿਛਲੇ ਕੁਝ ਸਮੇਂ ‘ਚ ਕੈਨੇਡਾ ‘ਚ ਹਿੰਦੂ ਮੰਦਰਾਂ ਨੂੰ ਅਜਿਹੇ ਨਫਰਤੀ ਅਪਰਾਧ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ।
ਜਨਵਰੀ ਵਿੱਚ ਅੱਧੀ ਦਰਜਨ ਮੰਦਰਾਂ ਦੀ ਭੰਨਤੋੜ ਕੀਤੀ ਗਈ ਸੀ
- ਨਵੰਬਰ 2021 ਵਿੱਚ, ਬਰੈਂਪਟਨ ਵਿੱਚ ਹਿੰਦੂ ਸਭਾ ਮੰਦਿਰ ਅਤੇ ਜਗਨਨਾਥ ਮੰਦਿਰ ਵਿੱਚ ਪਹਿਲੀ ਵਾਰ ਭੰਨਤੋੜ ਕੀਤੀ ਗਈ ਸੀ।
- ਇਸ ਤੋਂ ਬਾਅਦ 15 ਜਨਵਰੀ ਨੂੰ ਹਨੂੰਮਾਨ ਮੰਦਰ ‘ਚ ਭੰਨਤੋੜ ਕੀਤੀ ਗਈ।
- 25 ਜਨਵਰੀ ਨੂੰ ਇਸ ਸ਼ਹਿਰ ਵਿੱਚ ਦੇਵੀ ਦੁਰਗਾ ਦੇ ਮੰਦਰ ਵਿੱਚ ਭੰਨਤੋੜ ਕੀਤੀ ਗਈ ਸੀ। ਇਨ੍ਹਾਂ ਦੋਹਾਂ ਘਟਨਾਵਾਂ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਗੌਰੀ ਸ਼ੰਕਰ ਮੰਦਰ ਅਤੇ ਜਗਨਨਾਥ ਮੰਦਰ ‘ਚ ਵੀ ਹੰਗਾਮਾ ਕੀਤਾ।
- 30 ਜਨਵਰੀ ਨੂੰ, ਦੋ ਆਦਮੀਆਂ ਨੇ ਮਿਸੀਸਾਗਾ ਵਿੱਚ ਹਿੰਦੂ ਹੈਰੀਟੇਜ ਸੈਂਟਰ (ਐਚਐਚਸੀ) ਦੇ ਦਾਨ ਬਾਕਸ ਅਤੇ ਮੁੱਖ ਦਫ਼ਤਰ ਵਿੱਚ ਭੰਨਤੋੜ ਕੀਤੀ।