ਲੁਧਿਆਣਾ ਦੇ ਮੁਹੱਲਾ ਜਨਕਪੁਰੀ ਵਿਖੇ ਗਣਪਤੀ ਵਿਸਰਜਨ ਮੌਕੇ ਅਸ਼ਲੀਲ ਗੀਤ ਗਾਉਣ ਨੂੰ ਲੈ ਕੇ ਗਾਇਕ ਜੀ ਖਾਨ ਨੇ ਸਫਾਈ ਦਿੱਤੀ ਅਤੇ ਸੋਸ਼ਲ ਮੀਡੀਆ ‘ਤੇ ਮੁਆਫੀ ਮੰਗੀ। ਜੀ ਖਾਨ ਨੇ ਕਿਹਾ ਕਿ ਉਨ੍ਹਾਂ ਸਰੋਤਿਆਂ ਦੀ ਬੇਨਤੀ ‘ਤੇ ਗੀਤ ਗਾਇਆ। ਖਾਨ ਦਾ ਕਹਿਣਾ ਹੈ ਕਿ ਸਰੋਤਿਆਂ ‘ਚ ਰੱਬ ਵੱਸਦਾ ਹੈ, ਇਸ ਲਈ ਉਨ੍ਹਾਂ ਨੇ ਗੀਤ ਗਾਇਆ ਪਰ ਇਸ ਧਾਰਮਿਕ ਸਮਾਗਮ ‘ਚ ਗਾਏ ਗਏ ਗੀਤ ਤੋਂ ਜੇ ਕਿਸੇ ਨੂੰ ਠੇਸ ਪਹੁੰਚਦੀ ਏ ਤਾਂ ਉਹ ਮਾਫੀ ਮੰਗਦੇ ਹਨ।
ਦੂਜੇ ਪਾਸੇ ਇੱਕ ਹੋਰ ਪੰਜਾਬੀ ਗਾਇਕ ਨਿੰਜਾ ਵੀ ਖਾਨ ਦੇ ਸਮਰਥਨ ਵਿੱਚ ਸਾਹਮਣੇ ਆਇਆ ਹੈ। ਨਿੰਜਾ ਨੇ ਕਿਹਾ ਕਿ ਜੀ ਖਾਨ ਨੇ ਗਲਤੀ ਕੀਤੀ ਹੈ। ਖਾਨ ਇੱਕ ਨਰਮ ਸੁਭਾਅ ਵਾਲਾ ਬੰਦਾ ਹੈ, ਜੋ ਰੱਬ ਨੂੰ ਮੰਨਣ ਵਾਲਾ ਏ। ਜੇ ਉਸ ਤੋਂ ਇੱਕ ਵਾਰ ਗਲਤੀ ਹੋ ਗਈ ਤਾਂ ਲੋਕਾਂ ਦਾ ਫਰਜ਼ ਹੈ ਕਿ ਖਾਨ ਨੂੰ ਆਪਣੇ ਪਰਿਵਾਰ ਦਾ ਪੁੱਤ ਸਮਝ ਕੇ ਮਾਫ ਕਰ ਦੇਣ।
ਦੂਜੇ ਪਾਸੇ ਸ਼ਿਵ ਸੈਨਾ ਪੰਜਾਬ ਦੇ ਆਗੂ ਅਮਿਤ ਅਰੋੜਾ ਨੇ ਕਿਹਾ ਕਿ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਜੇ ਅੱਜ ਕੇਸ ਦਰਜ ਨਾ ਹੋਇਆ ਤਾਂ ਸ਼ਿਵ ਸੈਨਾ ਤਿੱਖਾ ਸੰਘਰਸ਼ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਜੀ ਖਾਨ ਨੂੰ ਬਾਬਾ ਗਣਪਤੀ ਸੇਵਾ ਸੰਘ ਨੇ ਗਣਪਤੀ ਵਿਸਰਜਨ ਦਿਵਸ ‘ਤੇ ਸਮਾਗਮ ‘ਚ ਗੁਣਗਾਨ ਕਰਨ ਲਈ ਬੁਲਾਇਆ ਗਿਆ ਸੀ।
ਗਾਇਕ ਨੇ ਸਮਾਰੋਹ ਵਿੱਚ ਕੁਝ ਪੰਜਾਬੀ ਗੀਤ ਜਿਵੇਂ ‘ਪੈਗ ਮੋਟੇ-ਮੋਟੇ ਲਾ ਕੇ ਹਾਣ ਦੀਏ, ਤੇਰੇ ਵਿੱਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਵਰਗੇ ਗੀਤ ਪੇਸ਼ ਕੀਤੇ। ਇਸ ਤੋਂ ਬਾਅਦ ਮਾਮਲਾ ਗਰਮਾ ਗਿਆ। ਹੁਣ ਦੇਰ ਸ਼ਾਮ ਸ਼ਿਵ ਸੈਨਾ ਪੰਜਾਬ ਵੱਲੋਂ ਥਾਣਾ ਡਵੀਜ਼ਨ ਨੰਬਰ 2 ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਸ਼ਿਵ ਸੈਨਿਕਾਂ ਨੇ ਜੀ ਖਾਨ ਦੇ ਪੋਸਟਰ ਵੀ ਸਾੜੇ।
ਧਾਰਮਿਕ ਸਮਾਗਮਾਂ ਵਿੱਚ ਅਜਿਹੇ ਗੀਤ ਗਾਉਣਾ ਨਿੰਦਣਯੋਗ ਹੈ। ਅਮਿਤ ਅਰੋੜਾ ਨੇ ਦੱਸਿਆ ਕਿ ਸਮਾਗਮ ਦਾ ਆਯੋਜਨ ਭਾਜਪਾ ਆਗੂ ਹਨੀ ਬੇਦੀ ਵੱਲੋਂ ਕੀਤਾ ਗਿਆ ਹੈ। ਭਾਜਪਾ ਹਮੇਸ਼ਾ ਹਿੰਦੂਤਵ ਦੀ ਗੱਲ ਕਰਦੀ ਰਹੀ ਹੈ, ਫਿਰ ਭਾਜਪਾ ਦੇ ਸੂਬਾ ਪੱਧਰੀ ਆਗੂਆਂ ਨੂੰ ਇਹ ਕਿਉਂ ਨਹੀਂ ਦਿਸ ਰਿਹਾ ਕਿ ਉਨ੍ਹਾਂ ਦੇ ਆਗੂ ਗਾਇਕਾਂ ਨੂੰ ਬੁਲਾ ਕੇ ਧਾਰਮਿਕ ਸਮਾਗਮਾਂ ਵਿੱਚ ਅਜਿਹੇ ਗੀਤ ਗੁਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਸ਼ਾਮ ਜੀ ਖਾਨ ਨੇ ਚੌਕੀ ਜਨਕਪੁਰੀ ਵਿਖੇ ਆਪਣਾ ਬਿਆਨ ਦਰਜ ਕਰਵਾਇਆ ਹੈ।
Comment here