ਆਮ ਆਦਮੀ ਪਾਰਟੀ ਵੱਲੋਂ ਭਾਜਪਾ ‘ਤੇ ਉਨ੍ਹਾਂ ਦੇ ਵਿਧਾਇਕਾਂ ਨੂੰ ਖਰੀਦਣ ਦੇ ਦੋਸ਼ ਲਗਾਏ ਜਾ ਰਹੇ ਹਨ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਇਸ ਦੇ ਸਬੂਤ ਵੀ ਪੇਸ਼ ਕੀਤੇ ਗਏ ਹਨ। ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ‘ਆਪਰੇਸ਼ਨ ਲੋਟਸ’ ਤਹਿਤ ਸਾਡੇ 11 ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਤੇ ਹੁਣ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤਾਂਤ੍ਰਿਕ ਦੇਸ਼ ਕਹਿੰਦੇ ਹਨ ਪਰ ਪਿਛਲੇ ਕੁਝ ਸਾਲਾਂ ਵਿਚ ਸਭ ਤੋਂ ਵੱਧ ਲੋਕਤੰਤਰ ਦੀ ਹੱਤਿਆ ਵੀ ਸਾਡੇ ਦੇਸ਼ ਵਿਚ ਹੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਈ ਸੂਬਿਆਂ ਦੀਆਂ ਸਰਕਾਰਾਂ ਤੋੜੀਆਂ, ਪੈਸਿਆਂ ਦਾ ਲਾਲਚ ਦੇ ਕੇ, ਵਿਧਾਇਕਾਂ ਨੂੰ ਖਰੀਦ ਕੇ। ਪਿਛਲੇ ਦਿਨੀਂ ਦਿੱਲੀ ਵਿਚ ਵੀ ਭਾਜਪਾ ਨੇ ‘ਆਪ੍ਰੇਸ਼ਨ ਲੋਟਸ’ ਚਲਾਇਆ ਪਰ ਉਥੋਂ ਦਾ ਇਕ ਵੀ ਵਿਧਾਇਕ ਉਨ੍ਹਾਂ ਦੇ ਲਾਲਚ ਵਿਚ ਨਹੀਂ ਆਇਆ। ਹੁਣ ਕਿਉਂਕਿ ਉਨ੍ਹਾਂ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਹੈ, ਇਸ ਲਈ ਪੰਜਾਬ ਵੱਲ ਨੂੰ ਰੁਖ ਕੀਤਾ ਤੇ ਪੰਜਾਬ ਦੇ 5-7 ਵਿਧਾਇਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਭਾਜਪਾ ਵਿਚ ਸ਼ਾਮਲ ਹੋ ਜਾਓ। ਤੁਹਾਡੀ ਹਾਈਕਮਾਂਡ ਨਾਲ ਗੱਲ ਕਰਾ ਦੇਵਾਂਗੇ।
CM ਮਾਨ ਨੇ ਕਿਹਾ ਕਿ ਭਾਜਪਾ ਵਾਲਿਆਂ ਨੂੰ ਗਲਤਫਹਿਮੀ ਹੈ ਕਿਉਂਕਿ ਪੰਜਾਬੀ ਮਿੱਟੀ ਦੇ ਵਫਾਦਾਰ ਹਨ। ਜਦੋਂ ਵੋਟਾਂ ਪਈਆਂ ਤਾਂ ਬਾਕੀ ਪਾਰਟੀਆਂ ਨੇ ਚੋਣਾਂ ਸਮੇਂ ਖੂਬ ਪੈਸਾ ਵਹਾਇਆ, ਕਈ ਲਾਲਚ ਵੀ ਦਿੱਤੇ ਪਰ ਲੋਕ ਉਨ੍ਹਾਂ ਦੇ ਲਾਲਚ ਵਿਚ ਨਹੀਂ ਆਏ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ। 92 ਵਿਧਾਇਕਾਂ ਨੂੰ ਚੁਣ ਕੇ ਵਿਧਾਨ ਸਭਾ ਵਿਚ ਭੇਜਿਆ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਕਦਾ ਉਹੀ ਹੈ ਜੋ ਮੰਡੀ ਵਿਚ ਹੋਵੇ। ਜਿਹੜਾ ਮੰਡੀ ਵਿਚ ਹੀ ਨਹੀਂ ਉਸ ਦੀ ਕੀਮਤ ਕੀ ਲਗਾਓਗੇ। ਤੁਹਾਡਾ ਇਹ ਪਲਾਨ ਕਿ ਜੇਕਰ ਲੋਕ ਨਹੀਂ ਜਤਾਉਂਦੇ ਤਾਂ ਉਨ੍ਹਾਂ ਨੂੰ ਖਰੀਦ ਲਓ, ਪੰਜਾਬ ਵਿਚ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਮਿੱਟੀ ਪ੍ਰਤੀ ਵਫਾਦਾਰੀ ਦਿਖਾਉਣਗੇ। ਅਸੀਂ ਮਿਲ ਕੇ ਰੰਗਲਾ ਪੰਜਾਬ ਬਣਾਉਣਾ ਹੈ ਪਰ ਉਨ੍ਹਾਂ ਕੋਲੋਂ ਸਾਡੀ ਚੜ੍ਹਾਈ ਨਹੀਂ ਜ਼ਰੀ ਜਾ ਰਹੀ। CM ਮਾਨ ਨੇ ਕਿਹਾ ਕਿ ਜੋ ਕੰਮ ਭਾਜਪਾ ਕਰਨਾ ਚਾਹੁੰਦੀ ਹੈ, ਉਹ ਪੰਜਾਬ ਵਿਚ ਨਹੀਂ ਚੱਲਦਾ।