ਪੰਜਾਬ ਦੇ ਨਵਾਂਸ਼ਹਿਰ ਦੇ ਕਸਬਾ ਬਹਿਰਾਮ ਨੇੜੇ ਇੱਕ ਰੂਹ ਕੰਬਾਊ ਸੜਕ ਹਾਦਸੇ ਵਿੱਚ ਦੋ ਵੱਖ-ਵੱਖ ਕਾਰਾਂ ਵਿੱਚ ਸਵਾਰ 6 ਵਿਅਕਤੀਆਂ ਵਿੱਚੋਂ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਦੋ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਪੱਥਰ ਨਾਲ ਭਰੇ ਟਰਾਲੇ ਦੀ ਲਪੇਟ ਵਿੱਚ ਆਉਣ ਕਾਰਨ ਕਾਰ ਵਿੱਚ ਸਵਾਰ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਹ ਟਰਾਲਾ ਬੰਗਾ ਸਾਈਡ ਤੋਂ ਜਾ ਰਿਹਾ ਸੀ ਤੇ ਜਿਵੇਂ ਹੀ ਮਾਹਿਲਪੁਰ ਬਹਿਰਾਮ ਟੀ-ਪੁਆਇੰਟ ’ਤੇ ਪੁੱਜਾ ਤਾਂ ਇਸ ਦੇ ਡਰਾਈਵਰ ਨੇ ਉਕਤ ਟਰਾਲਾ ਇਕਦਮ ਮਾਹਿਲਪੁਰ ਸਾਈਡ ਨੂੰ ਮੋੜ ਦਿੱਤਾ। ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੀ ਕਾਰ ‘ਤੇ ਪਲਟ ਗਿਆ। ਜਿਸ ਕਾਰਨ ਫਗਵਾੜਾ ਸਾਈਡ ਤੋਂ ਆ ਰਹੀਆਂ ਦੋ ਕਾਰਾਂ, ਜਿਨ੍ਹਾਂ ਵਿੱਚੋਂ ਇੱਕ ਕਾਰ ਨੰਬਰ ਪੀ ਬੀ 06 ਏ ਬੀ 1297, ਜਿਸ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਅ ਪਤੀ-ਪਤਨੀ ਤੇ ਉਨ੍ਹਾਂ ਦਾ ਬੇਟਾ ਸਵਾਰ ਸਨ, ਉਪਰ ਪਲਟ ਗਿਆ ।ਇਸ ਸੜਕ ਹਾਦਸੇ ਵਿੱਚ ਉਕਤ ਕਾਰ ਵਿੱਚ ਸਵਾਰ ਤਿੰਨਾਂ ਲੋਕਾਂ ਦੀ ਮੌਤ ਹੋ ਗਈ, ਜਦਕਿ ਦੂਜੀ ਕਾਰ ਪੀ ਬੀ 10 ਈ ਡੀ 6500 ਵੀ ਉਕਤ ਟਰਾਲੇ ਦੀ ਲਪੇਟ ਵਿੱਚ ਆਈ ਪਰ ਉਕਤ ਕਾਰ ਵਿੱਚ ਸਵਾਰ ਤਿੰਨ ਵਿਅਕਤੀ ਜਿਨ੍ਹਾਂ ਵਿੱਚ ਮਨਜਿੰਦਰ ਸਿੰਘ ਤੇ ਉਸ ਦੀ ਕਰੀਬੀ ਰਿਸ਼ਤੇਦਾਰ ਸੁਖਵਿੰਦਰ ਕੌਰ ਤੇ ਉਸ ਦਾ ਬੇਟਾ ਪਰਮਜੀਤ ਸਿੰਘ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਜ਼ਬਰਦਸਤ ਤੇ ਦਰਦਨਾਕ ਸੀ ਕਿ ਟਰਾਲੇ ਹੇਠਾਂ ਫਸੀ ਕਾਰ ਨੂੰ ਦੋ ਘੰਟੇ ਦੀ ਲੰਮੀ ਜੱਦੋ-ਜਹਿਦ ਮਗਰੋ ਕੱਢਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਇੱਕ 18 ਟਾਇਰੀ ਟਰਾਲਾ ਨੰਬਰ ਪੀ.ਬੀ 02 DY 8200, ਜਿਸ ਨੂੰ ਮੇਜਰ ਸਿੰਘ ਵਾਸੀ ਮੁਹੰਮਦ ਸ਼ਾਹ ਵਾਲਾ (ਪੱਲੂਵਾਲ) ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਚਲਾ ਰਿਹਾ ਸੀ, ਜੋ ਮਿੱਟੀ-ਪੱਥਰਾਂ ਆਦਿ ਨਾਲ ਭਰਿਆ ਹੋਇਆ ਸੀ । ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਹਿਰਾਮ ਪੁਲਿਸ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਨੇ ਪੁਲਿਸ ਪਾਰਟੀ ਸਣੇ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਟਰਾਲਾ ਚਾਲਕ ਖਿਲਾਫ਼ ਧਾਰਾ ਗੈਰ ਇਰਾਦਾ ਕਤਲ ਦੇ ਲਈ 304, ਲਾਪਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਲੋਕਾਂ ਦੀ ਜਾਨ ਲੈਣ ‘ਤੇ 279 ਅਤੇ ਨਿਯਮਾਂ ਦੀ ਉਲੰਘਣਾ ਕਰ ਜਲਦਬਾਜ਼ੀ ਕਰ ਕੇ ਲੋਕਾਂ ਦੀ ਜਾਨ ਦੇ ਲਈ ਖਤਰਾ ਪੈਦਾ ਕਰਨ ‘ਤੇ 337 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।