ਜਗਰਾਓਂ ਦੇ ਪਿੰਡ ਹਠੂਰ ਵਿਚ ਇਕ ਮਹਿਲਾ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਮਹਿਲਾ ਨੇ ਪਤੀ ਦਾ ਗਲਾ ਘੋਟ ਕੇ ਉਸ ਨੂੰ ਮਾਰਿਆ ਹੈ। ਮ੍ਰਿਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਖਿਲਾਫ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਥਾਣਾ ਹਠੂਰ ਦੇ ਐੱਸਐੱਚਓ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਇੰਦਰਜੀਤ ਸਿੰਘ ਨਿਵਾਸੀ ਪਿੰਡ ਝੋਰਡਾ ਦੀ ਮਾਂ ਬਲਵੀਰ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਬੇਟਾ ਇੰਦਰਜੀਤ ਸਿੰਘ ਪਿੰਡ ਦੇ ਗੁਦਰਦੁਆਰਾ ਸਾਹਿਬ ਵਿਚ ਪਾਠੀ ਸੀ। 6 ਸਤੰਬਰ ਦੀ ਰਾਤ 9 ਵਜੇ ਉਸ ਦਾ ਬੇਟਾ ਗੁਰਦੁਆਰਾ ਸਾਹਿਬ ਤੋਂ ਪਾਠ ਕਰਕੇ ਘਰ ਵਾਪਸ ਆ ਕੇਆਪਣੇ ਬੱਚਿਆਂ ਤੇ ਪਤਨੀ ਨਾਲ ਰਾਤ ਦਾ ਖਾਣਾ ਖਾਣ ਦੇ ਬਾਅਦ ਕਮਰੇ ਵਿਚ ਜਾ ਕੇ ਸੌਂ ਗਿਆ।ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ 7 ਸਤੰਬਰ ਦੀ ਸਵੇਰੇ ਉਹ ਨਹਾ ਕੇ ਪਾਠ ਕਰਨ ਲਈ ਗੁਰਦੁਆਰਾ ਸਾਹਿਬ ਵਿਚ ਚਲੀ ਗਈ ਤੇ ਜਦੋਂ 8 ਵਜੇ ਦੇ ਲਗਭਗ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੇਖਿਆ ਕਿ ਉਨ੍ਹਾਂ ਦਾ ਮੁੰਡਾ ਇੰਦਰਜੀਤ ਸਿੰਘ ਬੈੱਡ ‘ਤੇ ਮ੍ਰਿਤਕ ਪਿਆ ਹੋਇਆ ਹੈ ਤੇ ਪਤਨੀ ਕਿਰਨਦੀਪ ਕੌਰ ਉਸਦੇ ਮ੍ਰਿਤਕ ਬੇਟੇ ਦੀ ਲਾਸ਼ ਕੋਲ ਬੈਠੀ ਰੋ ਰਹੀ ਹੈ।
ਬੇਟੇ ਦੇ ਸਰੀਰ ‘ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਸੀ ਜਿਸ ਕਾਰਨ ਉਨ੍ਹਾਂ ਨੇ ਪੁਲਿਸ ਦੀ 174 ਦੀ ਕਾਰਵਾਈ ਦੇ ਬਾਅਦ ਬੇਟੇ ਦਾ ਅੰਤਿਮ ਸਸਕਾਰ ਕਰਵਾ ਦਿੱਤਾ ਸੀ। ਮ੍ਰਿਤਕ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਬਾਅਦ ਵਿਚ ਜਦੋਂ ਉਸ ਨੇ ਆਪਣੇ ਘਰ ਵਿਚ ਲੱਗੇ ਕੈਮਰਿਆਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ 6 ਸਤੰਬਰ ਦੀ ਰਾਤ ਸਾਢੇ 11 ਵਜੇ ਤੋਂ 7 ਸਤੰਬਰ ਦੀ ਸਵੇਰੇ ਢਾਈ ਵਜੇ ਤੱਕ ਕੈਮਰੇ ਬੰਦ ਸੀ।
ਬਲਵੀਰ ਕੌਰ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਪਤਨੀ ਕਿਰਨਦੀਪ ਕੌਰ ਦੇ ਉਸ ਦੇ ਭਰਾ ਦੇ ਬੇਟੇ ਹਰਦੀਪ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਕਿਰਨਦੀਪ ਕੌਰ ਨੇ ਆਪਣੇ ਪ੍ਰੇਮੀ ਹਰਦੀਪ ਨਾਲ ਮਿਲ ਕੇ ਇੰਦਰਜੀਤ ਸਿੰਘ ਦਾ ਗਲਾ ਘੋਟ ਦਿੱਤਾ। ਪੁਲਿਸ ਨੇ ਕਿਰਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਪ੍ਰੇਮੀ ਹਰਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।