ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀਰਵਾਰ ਨੂੰ ਰਾਜਸਥਾਨ ਦੇ ਦੌਰੇ ‘ਤੇ ਸਨ। ਸ਼ੇਖ ਹਸੀਨਾ ਆਪਣੇ ਵਫਦ ਨਾਲ ਅਜਮੇਰ ਪਹੁੰਚੇ ਅਤੇ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ‘ਤੇ ਨਮਾਜ਼ ਅਦਾ ਕੀਤੀ, ਜਿਥੇ ਉਨ੍ਹਾਂ ਨੇ ਮਖਮਲ ਦੀ ਚਾਦਰ ਅਤੇ ਅਕੀਦਾਤ ਦੇ ਫੁੱਲ ਚੜ੍ਹਾਏ ਅਤੇ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਲਈ ਦੁਆ ਕੀਤੀ।
ਅਜਮੇਰ ਪਹੁੰਚਣ ‘ਤੇ ਸ਼ੇਖ ਹਸੀਨਾ ਨੂੰ ਸਰਕਟ ਹਾਊਸ ‘ਚ ਗਾਰਡ ਆਫ ਆਨਰ ਦਿੱਤਾ ਗਿਆ। ਦੂਜੇ ਪਾਸੇ ਦਰਗਾਹ ਕਮੇਟੀ ਵੱਲੋਂ ਸ਼ੇਖ ਹਸੀਨਾ ਦਾ ਸਵਾਗਤ ਕੀਤਾ ਗਿਆ ਅਤੇ ਅਸਤਾਨਾ ਸ਼ਰੀਫ ਵਿੱਚ ਨਮਾਜ਼ ਅਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਤਬਰੂਕ ਦੇ ਨਾਲ-ਨਾਲ ਤਲਵਾਰ ਵੀ ਭੇਟ ਕੀਤੀ ਗਈ।
ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਤਬੂਕ ‘ਚ ਅਜਮੇਰ ਦਾ ਮਸ਼ਹੂਰ ਸੋਹਨ ਹਲਵਾ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਦਰਗਾਹ ‘ਤੇ ਪੁੱਜਣ ‘ਤੇ ਪੁਸ਼ਕਰ ਦੇ ਮਸ਼ਹੂਰ ਢੋਲਕ ਨੱਥੂ ਲਾਲ ਸੋਲੰਕੀ ਨੇ ਢੋਲ ਵਜਾਇਆ। ਇਸ ਦੇ ਨਾਲ ਹੀ ਕੁਝ ਸਥਾਨਕ ਲੋਕ ਕਲਾਕਾਰਾਂ ਨੇ ਕੱਚੀ ਘੋੜੀ ਨਾਚ ਵੀ ਪੇਸ਼ ਕੀਤਾ।
ਇਸ ਤੋਂ ਪਹਿਲਾਂ ਜਦੋਂ ਸ਼ੇਖ ਹਸੀਨਾ ਦਿੱਲੀ ਤੋਂ ਜੈਪੁਰ ਏਅਰਪੋਰਟ ਪਹੁੰਚੇ ਤਾਂ ਰਾਜਸਥਾਨ ਦੇ ਸਿੱਖਿਆ ਮੰਤਰੀ ਬੀਡੀ ਕਾਲਾ ਅਤੇ ਮੁੱਖ ਸਕੱਤਰ ਊਸ਼ਾ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਵਾਈ ਅੱਡੇ ‘ਤੇ ਰਾਜਸਥਾਨ ਦੇ ਰਵਾਇਤੀ ਕਲਾਕਾਰਾਂ ਨੇ ਲੋਕ ਨਾਚ ਨਾਲ ਉਨ੍ਹਾਂ ਦੀ ਮੇਜ਼ਬਾਨੀ ਕੀਤੀ। ਰਾਜਸਥਾਨ ਦੇ ਲੋਕ ਨਾਚ ਨੂੰ ਦੇਖ ਕੇ ਉਹ ਖੁਦ ਨੂੰ ਰੋਕ ਨਾ ਸਕੇ ਅਤੇ ਉਨ੍ਹਾਂ ਨੇ ਏਅਰਪੋਰਟ ‘ਤੇ ਕਲਾਕਾਰਾਂ ਨਾਲ ਡਾਂਸ ਵੀ ਕੀਤਾ।
ਦੱਸ ਦਈਏ ਕਿ ਸ਼ੇਖ ਹਸੀਨਾ ਦੀ ਯਾਤਰਾ ਨੂੰ ਲੈ ਕੇ ਅਜਮੇਰ ਦਰਗਾਹ ਨੂੰ ਸੁਰੱਖਿਆ ਦੇ ਨਜ਼ਰੀਏ ਤੋਂ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਕਾਫਲੇ ਦੇ ਲੰਘਣ ਵੇਲੇ ਸੜਕ ਤੋਂ ਨਿਕਲਦੀਆਂ ਤੰਗ ਗਲੀਆਂ ਨੂੰ ਵੀ ਬੰਦ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਦੇ 30 ਤੋਂ ਵੱਧ ਮੰਤਰੀ ਅਤੇ ਰਿਸ਼ਤੇਦਾਰ ਵੀ ਅਜਮੇਰ ਪਹੁੰਚੇ ਹਨ।
ਸ਼ੇਖ ਹਸੀਨਾ ਨੇ ਦਰਗਾਹ ‘ਤੇ ਨਮਾਜ਼ ਅਦਾ ਕਰਕੇ ਬੰਗਲਾਦੇਸ਼ ਅਤੇ ਭਾਰਤ ਵਿਚਾਲੇ ਮਜ਼ਬੂਤ ਸਬੰਧਾਂ ਅਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ। ਇਸ ਦੇ ਨਾਲ ਹੀ ਸ਼ੇਖ ਹਸੀਨਾ ਦੀ ਅਜਮੇਰ ਫੇਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅਜਮੇਰ ਦੇ ਫੁਹਾਰਾ ਸਰਕਲ ਤੋਂ ਦਿੱਲੀ ਗੇਟ ਰਾਹੀਂ ਦਰਗਾਹ ਬਾਜ਼ਾਰ ਤੱਕ ਸਾਰੀਆਂ ਦੁਕਾਨਾਂ ਸਵੇਰੇ 11 ਵਜੇ ਤੋਂ ਬੰਦ ਰੱਖੀਆਂ ਗਈਆਂ ਸਨ।