ਏਸ਼ੀਆ ਕੱਪ 2022 ਦੇ ਸੁਪਰ-4 ਰਾਊਂਡ ਦੇ ਮੈਚ ਵਿੱਚ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਹਰਾ ਦਿੱਤਾ ਹੈ । ਅਫਗਾਨਿਸਤਾਨ ਦੀ ਹਾਰ ਨਾਲ ਟੀਮ ਇੰਡੀਆ ਦੀਆਂ ਉਮੀਦਾਂ ਵੀ ਖਤਮ ਹੋ ਗਈਆਂ ਹਨ। ਜੇਕਰ ਅਫਗਾਨਿਸਤਾਨ ਪਾਕਿਸਤਾਨ ਖਿਲਾਫ ਮੈਚ ਜਿੱਤਣ ਵਿੱਚ ਸਫਲ ਰਹਿੰਦਾ ਤਾਂ ਭਾਰਤੀ ਟੀਮ ਦੀਆਂ ਉਮੀਦਾਂ ਵੀ ਜ਼ਿੰਦਾ ਰਹਿੰਦੀਆਂ, ਪਰ ਪਾਕਿਸਤਾਨ ਨੇ ਰੋਮਾਂਚਕ ਮੈਚ ਇੱਕ ਵਿਕਟ ਨਾਲ ਇਹ ਮੈਚ ਆਪਣੇ ਨਾਮ ਕਰ ਲਿਆ। ਹੁਣ ਇਸ ਤਰ੍ਹਾਂ ਏਸ਼ੀਆ ਕੱਪ 2022 ਦਾ ਫਾਈਨਲ ਮੈਚ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਖਿਤਾਬੀ ਮੁਕਾਬਲਾ 11 ਸਤੰਬਰ ਨੂੰ ਹੋਣਾ ਹੈ।
ਇਸ ਮੈਚ ਦੀ ਗੱਲ ਕਰੀਏ ਤਾਂ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ 20ਵੇਂ ਓਵਰ ਦੀ ਪਹਿਲੀ ਅਤੇ ਦੂਜੀ ਗੇਂਦ ‘ਤੇ ਲਗਾਤਾਰ ਦੋ ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ । ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਪਾਕਿਸਤਾਨ ਨੂੰ 130 ਦੌੜਾਂ ਦਾ ਟੀਚਾ ਦਿੱਤਾ ਸੀ । ਇਸਦੇ ਜਵਾਬ ਵਿੱਚ ਪਾਕਿਸਤਾਨ ਨੇ 19.2 ਓਵਰਾਂ ਵਿੱਚ 1 ਵਿਕਟ ਨਾਲ ਮੈਚ ਜਿੱਤ ਲਿਆ । ਅਫਗਾਨਿਸਤਾਨ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ । ਟੀਮ ਦਾ ਪਹਿਲਾ ਵਿਕਟ ਕਪਤਾਨ ਬਾਬਰ ਆਜ਼ਮ ਦੇ ਰੂਪ ਵਿੱਚ ਡਿੱਗਿਆ । ਉਹ ਬਿਨ੍ਹਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਫਖਰ ਜ਼ਮਾਨ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ । ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ 20 ਦੌੜਾਂ ਦਾ ਯੋਗਦਾਨ ਪਾਇਆ । ਇਫਤਿਖਾਰ ਅਹਿਮਦ 33 ਗੇਂਦਾਂ ਵਿੱਚ 30 ਦੌੜਾਂ ਬਣਾ ਕੇ ਆਊਟ ਹੋ ਗਿਆ।ਦੱਸ ਦੇਈਏ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 129 ਦੌੜਾਂ ਬਣਾਈਆਂ । ਇਸ ਦੌਰਾਨ ਇਬਰਾਹਿਮ ਜਾਦਰਾਨ ਨੇ 37 ਗੇਂਦਾਂ ਵਿੱਚ 35 ਦੌੜਾਂ ਬਣਾਈਆਂ । ਇਸ ਦੌਰਾਨ ਉਸ ਨੇ 2 ਚੌਕੇ ਅਤੇ 1 ਛੱਕਾ ਲਗਾਇਆ । ਸਲਾਮੀ ਬੱਲੇਬਾਜ਼ ਹਜ਼ਰਤੁੱਲਾ ਜ਼ਜ਼ਈ ਨੇ 17 ਗੇਂਦਾਂ ਵਿੱਚ 21 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ 4 ਚੌਕੇ ਸ਼ਾਮਲ ਸਨ । ਰਹਿਮਾਨਉੱਲ੍ਹਾ ਗੁਰਬਾਜ਼ ਨੇ 11 ਗੇਂਦਾਂ ਵਿੱਚ 17 ਦੌੜਾਂ ਬਣਾਈਆਂ। ਉਸ ਨੇ ਦੋ ਛੱਕੇ ਲਾਏ । ਰਾਸ਼ਿਦ ਖਾਨ ਆਖਰਕਾਰ 15 ਗੇਂਦਾਂ ‘ਤੇ 18 ਦੌੜਾਂ ਬਣਾ ਕੇ ਨਾਬਾਦ ਪਰਤੇ । ਇਸ ਦੇ ਨਾਲ ਹੀ ਪਾਕਿਸਤਾਨ ਲਈ ਹੈਰਿਸ ਰਾਊਫ ਨੇ 4 ਓਵਰਾਂ ਵਿੱਚ 26 ਦੌੜਾਂ ਦੇ ਕੇ 2 ਵਿਕਟਾਂ ਲਈਆਂ । ਨਸੀਮ ਸ਼ਾਹ ਨੇ 4 ਓਵਰਾਂ ਵਿੱਚ 19 ਦੌੜਾਂ ਦੇ ਕੇ ਇੱਕ ਵਿਕਟ ਲਈ। ਨਵਾਜ਼, ਸ਼ਾਦਾਬ ਅਤੇ ਹਸਨੈਨ ਨੇ 1-1 ਵਿਕਟ ਆਪਣੇ ਨਾਮ ਕੀਤੀ।