ਅੱਤਵਾਦੀ ਆਸ਼ੀਸ਼ ਮਸੀਹ ਦੀ ਭਾਲ ‘ਚ ਉਸ ਦੇ ਘਰ ਛਾਪਾ ਮਾਰਨ ਗਈ ਪੁਲਸ ਪਾਰਟੀ ‘ਚ ਸ਼ਾਮਲ ਏਐੱਸਆਈ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਦੇ ਮਾਮਲੇ ‘ਚ ਬੁੱਧਵਾਰ ਰਾਤ ਨੂੰ ਤਿੱਬੜ ਥਾਣੇ ਦੀ ਪੁਲਸ ਨੇ ਅੱਤਵਾਦੀ ਦੀ ਭੈਣ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਦੋ ਦਿਨ ਪਹਿਲਾਂ ਅੱਤਵਾਦੀ ਦੀ ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਪੁਲਿਸ ਇਸ ਮਾਮਲੇ ਦੇ ਮੁੱਖ ਦੋਸ਼ੀ ਅੱਤਵਾਦੀ ਦੇ ਪਿਤਾ ਜੋਬਨ ਮਸੀਹ ਦੀ ਭਾਲ ਕਰ ਰਹੀ ਹੈ। ਪੁਲਿਸ ਉਸ ਦੇ ਲੁਕਣ ਦੇ ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।
ਦੱਸਣਯੋਗ ਹੈ ਕਿ ਬੀਤੀ 4 ਸਤੰਬਰ ਨੂੰ ਐਸਐਚਓ ਅਮਰੀਕ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਮੈਂਟਲ ਹਸਪਤਾਲ ਅੰਮ੍ਰਿਤਸਰ ਤੋਂ ਫਰਾਰ ਹੋਏ ਅੱਤਵਾਦੀ ਆਸ਼ੀਸ਼ ਮਸੀਹ ਦੀ ਭਾਲ ਵਿੱਚ ਉਸ ਦੇ ਘਰ ਛਾਪਾ ਮਾਰਨ ਗਈ ਸੀ। ਮੁਲਜ਼ਮ ਦੇ ਪਿਤਾ ਜੋਬਨ ਮਸੀਹ, ਮਾਂ ਵੀਨਸ ਮਸੀਹ, ਭੈਣ ਮਹਿਕ ਅਤੇ ਚਾਹਤ ਵਾਸੀ ਗੁਰਦਾਸਪੁਰ ਘਰ ਵਿੱਚ ਮੌਜੂਦ ਸਨ। ਮੁਲਜ਼ਮਾਂ ਨੇ ਪੁਲਿਸ ਪਾਰਟੀ ਨੂੰ ਘਰ ਅੰਦਰ ਜਾਣ ਤੋਂ ਰੋਕਿਆ ਅਤੇ ਬਾਹਰ ਖੜ੍ਹੀ ਕਾਰ ਵਿੱਚ ਜ਼ਬਰਦਸਤੀ ਬੈਠ ਗਏ। ਮੁਲਜ਼ਮ ਜੋਬਨ ਮਸੀਹ ਨੇ ਕਾਰ ਸਟਾਰਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਏਐਸਆਈ ਰਛਪਾਲ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਮੁਲਜ਼ਮਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਏਐਸਆਈ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਾਰੇ ਮੁਲਜ਼ਮ ਕਾਰ ਵਿੱਚ ਫਰਾਰ ਹੋ ਗਏ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਸੀ। ਹੁਣ ਜੋਬਨ ਮਸੀਹ ਦੀ ਧੀ ਮਹਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ‘ਚ ਪੁਲਸ ਛਾਪੇਮਾਰੀ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਦੀਨਾਨਗਰ ਥਾਣੇ ਦੇ ਐਸਆਈ ਜਗਦੀਸ਼ ਕੁਮਾਰ ਅਤੇ ਏਐਸਆਈ ਨਰੇਸ਼ ਕੁਮਾਰ ਨੇ ਦੋਬੁਰਜੀ ਬਾਈਪਾਸ ਦੀਨਾਨਗਰ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮਲਕੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਹੱਥਗੋਲਾ ਬਰਾਮਦ ਹੋਇਆ ਹੈ।