ਮੋਹਾਲੀ ‘ਚ ਝੂਲੇ ਟੁੱਟਣ ਤੋਂ ਬਾਅਦ ਹੁਣ ਜਲੰਧਰ ਪ੍ਰਸ਼ਾਸਨ ਵੀ ਅਲਰਟ ਹੋ ਗਿਆ ਹੈ ਅਤੇ ਸੋਢਲ ਮੇਲੇ ‘ਚ ਲੱਗਣ ਵਾਲੇ ਝੂਟਿਆਂ ਨੂੰ ਲੈ ਕੇ ਸਖਤ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਬਿਨਾਂ ਮਨਜ਼ੂਰੀ ਤੋਂ ਕੋਈ ਵੀ ਝੂਲਾ ਨਹੀਂ ਲੱਗਣ ਦਿੱਤਾ ਜਾਵੇਗਾ। ਝੂਟਾ ਲਗਾਉਣ ਦੀ ਇਜਾਜ਼ਤ ਲੈਣ ਤੋਂ ਪਹਿਲਾਂ ਸੁਰੱਖਿਆ ਦੇ ਸਾਰੇ ਮਾਪਦੰਡ ਪੂਰੇ ਕੀਤੇ ਜਾਣੇ ਚਾਹੀਦੇ ਹਨ। ਉਸ ਤੋਂ ਬਾਅਦ ਝੂਟੇ ਦੀ ਇਜਾਜ਼ਤ ਦਿੱਤੀ ਜਾਵੇਗੀ।
ਡੀਸੀ ਜਲੰਧਰ ਨੇ ਜ਼ਿਲ੍ਹਾ ਮੈਜਿਸਟਰੇਟ ਵਜੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਹੈ ਕਿ ਧਾਰਾ 144 ਤਹਿਤ ਕਿਸੇ ਵੀ ਵਿਅਕਤੀ ਜਾਂ ਕੰਪਨੀ ਵੱਲੋਂ ਸੱਭਿਆਚਾਰਕ ਅਤੇ ਧਾਰਮਿਕ ਮੇਲਿਆਂ ਦੌਰਾਨ ਝੂਟੇ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਾਊਂ ਇਜਾਜ਼ਤ ਲੈਣੀ ਲਾਜ਼ਮੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਝੂਟੇ ਲਗਾਉਣ ਵਾਲੇ ਵਿਅਕਤੀ ਜਾਂ ਕੰਪਨੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਵੱਖ-ਵੱਖ ਸ਼ਾਖਾ ਦੇ ਕਮਰਾ ਨੰਬਰ 22 ਵਿੱਚ ਜਾ ਕੇ ਇਜਾਜ਼ਤ ਲੈ ਸਕਦੇ ਹਨ।
ਡੀਸੀ-ਕਮ-ਜ਼ਿਲ੍ਹਾ ਮੈਜਿਸਟਰੇਟ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸੱਭਿਆਚਾਰਕ ਅਤੇ ਧਾਰਮਿਕ ਸਮਾਗਮਾਂ ਅਤੇ ਮੇਲਿਆਂ ਦੌਰਾਨ ਕਈ ਲੋਕ ਅਤੇ ਕੰਪਨੀਆਂ ਝੂਲੇ ਲਾਉਂਦੀਆਂ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਲੈਂਦਾ।
ਇਹ ਵੀ ਦੇਖਿਆ ਗਿਆ ਹੈ ਕਿ ਜਿੱਥੇ ਝੂਲੇ ਆਦਿ ਲਗਾਏ ਗਏ ਹਨ, ਉੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਹਨ, ਜਿਸ ਕਾਰਨ ਹਰ ਵੇਲੇ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਡੀਸੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਜੇ ਕਿਸੇ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨਾਂ ਝੂਲੇ ਲਗਾਏ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਮੋਹਾਲੀ ‘ਚ ਚੱਲ ਰਹੇ ਮੇਲੇ ਦੌਰਾਨ ਰਾਤ ਸਮੇਂ ਝੂਲਾ ਟੁੱਟ ਗਿਆ ਸੀ। ਇਹ ਝੂਲਾ ਕਾਫੀ ਉਚਾਈ ਤੋਂ ਸਿੱਧਾ ਹੇਠਾਂ ਆ ਗਿਆ ਸੀ। ਹਾਲਾਂਕਿ ਇਸ ਘਟਨਾ ‘ਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਝੂਲੇ ਕਾਰਨ ਝੂਲੇ ‘ਤੇ ਕੋਈ ਵੀ ਅਜਿਹਾ ਵਿਅਕਤੀ ਨਹੀਂ ਬਚਿਆ ਜਿਸ ਨੂੰ ਸੱਟ ਨਾ ਲੱਗੀ ਹੋਵੇ। ਇਸ ਘਟਨਾ ਤੋਂ ਬਾਅਦ ਹੁਣ ਪੰਜਾਬ ਵਿੱਚ ਹਰ ਪਾਸੇ ਪ੍ਰਸ਼ਾਸਨ ਅਲਰਟ ਹੋ ਗਿਆ ਹੈ।
Comment here