ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡਾ ਦੀ ਨਹਿਰ ਤੋਂ ਇੱਕ ਗੁਰਸਿੱਖ ਨੌਜਵਾਨ ਦੀ ਭੇਦਭਰੇ ਹਾਲਾਤਾਂ ਲਾਸ਼ ਮਿਲਣ ਨਾਲ ਇਲਾਕੇ ਵਿਚ ਸਹਿਮ ਵਾਲਾ ਮਾਹੌਲ ਬਣ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਨੌਜਵਾਨ ਇੱਕ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਤੋਂ ਵਾਪਿਸ ਆਇਆ ਸੀ। ਮ੍ਰਿਤਕ ਦਾ ਪੰਜ ਮਹੀਨਿਆਂ ਦਾ ਬੱਚਾ ਵੀ ਹੈ।
ਮੌਕੇ ‘ਤੇ ਪੁਲਿਸ ਪਾਰਟੀ ਸਣੇ ਪਹੁੰਚੇ ਐੱਸ.ਐੱਚ.ਓ. ਡੇਰਾ ਬਾਬਾ ਨਾਨਕ ਹਰਮੀਕ ਸਿੰਘ ਨੇ ਛਾਣਬੀਨ ਕੀਤੀ ਤਾਂ ਪਤਾ ਲੱਗਾ ਕਿ ਇਹ ਨੌਜਵਾਨ ਸ਼ਮਸ਼ੇਰ ਸਿੰਘ ਉਮਰ ਕਰੀਬ 25 ਸਾਲ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਰੋਸਾ ਦਾ ਹੈ। ਉਨ੍ਹਾਂ ਵੱਲੋਂ ਇਨ੍ਹਾਂ ਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ ਤਾਂਜੋ ਉਨ੍ਹਾਂ ਵੱਲੋਂ ਮੌਕੇ ‘ਤੇ ਪਹੁੰਚ ਕੇ ਸ਼ਨਾਖਤ ਕੀਤੀ ਗਈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਸਮਸ਼ੇਰ ਸਿੰਘ ਪਿਛਲੇ ਚਾਰ-ਪੰਜ ਸਾਲ ਸਾਲਾਂ ਤੋਂ ਨਸ਼ੇ ਕਰਨ ਦਾ ਆਦੀ ਸੀ ਤੇ ਉਹ ਕੱਲ੍ਹ ਹੀ ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਵਾਪਸ ਆਇਆ ਸੀ। ਅੱਜ ਪਿੰਡ ਪੱਡੇ ਦੀ ਨਹਿਰ ਕੋਲੋਂ ਭੇਦਭਰੇ ਹਾਲਾਤਾਂ ਵਿਚ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਮ੍ਰਿਤਕ ਵਿਆਹਿਆ ਹੋਇਆ ਸੀ ਅਤੇ ਇਸ ਦਾ ਪੰਜ ਮਹੀਨੇ ਦਾ ਇੱਕ ਬੱਚਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਚਓ ਡੇਰਾ ਬਾਬਾ ਨਾਨਕ ਹਰਮੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਪਰਗਟ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ ਗਈ ਹੈ ਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀ ਕਾਰਨਾਂ ਦਾ ਪਤਾ ਲੱਗੇਗਾ ਤੇ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
Comment here