ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਮੱਦੇਨਜ਼ਰ ਇੱਕ ਹੋਰ ਵੱਡੀ ਪਹਿਲ ਕੀਤੀ ਗਈ ਹੈ। ਹੁਣ ਲੋਕਾਂ ਨੂੰ ਵ੍ਹਾਟਸਐਪ ‘ਤੇ ਘਰ ਬੈਠੇ ਹੀ ਕਿਸੇ ਵੀ ਤਰ੍ਹਾਂ ਦਾ ਸਰਟੀਫਿਕੇਟ ਮਿਲੇਗਾ। ਉਨ੍ਹਾਂ ਨੂੰ ਸਿਰਫ਼ ਇਸ ਲਈ ਅਪਲਾਈ ਕਰਨ ਲਈ ਸੇਵਾ ਕੇਂਦਰ ਵਿੱਚ ਆਉਣਾ ਪਵੇਗਾ।
ਇਸ ਤੋਂ ਬਾਅਦ ਸਰਟੀਫਿਕੇਟ ਉਨ੍ਹਾਂ ਨੂੰ ਡਿਜੀਟਲ ਸਾਈਨ ਦੇ ਨਾਲ ਵ੍ਹਾਟਸਐਪ ‘ਤੇ ਭੇਜੇ ਜਾਣਗੇ। ਇਹ ਸਹੂਲਤ ਈ-ਮੇਲ ਰਾਹੀਂ ਵੀ ਮਿਲੇਗੀ। ਪਹਿਲਾਂ ਲੋਕਾਂ ਨੂੰ ਹੋਲੋਗ੍ਰਾਮ ਅਤੇ ਫਿਜ਼ੀਕਲ ਸਾਈਨ ਲੈਣ ਦੀ ਲੋੜ ਹੁੰਦੀ ਸੀ। ਜੋ ਹੁਣ ਖਤਮ ਕਰ ਦਿੱਤੀ ਗਈ ਹੈ।
ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਗੁਰਮੀਤ ਮੀਤ ਹੇਅਰ ਨੇ ਚੰਡੀਗੜ੍ਹ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨੂੰ ਸਾਰੀਆਂ ਯੂਨੀਵਰਸਿਟੀਆਂ, ਦੂਤਘਰਾਂ ਸਣੇ ਕਿਸੇ ਵੀ ਨਿੱਜੀ ਜਾਂ ਸਰਕਾਰੀ ਅਦਾਰੇ ਵਿੱਚ ਵੈਲਿਡ ਮੰਨਿਆ ਜਾਵੇਗਾ। ਮੰਤਰੀ ਗੁਰਮੀਤ ਮੀਤ ਹੇਅਰ ਨੇ ਦੱਸਿਆ ਕਿ 283 ਸੇਵਾਵਾਂ ਆਨਲਾਈਨ ਕੀਤੀਆਂ ਜਾ ਰਹੀਆਂ ਹਨ। ਇਹ ਸਹੂਲਤ ਉਨ੍ਹਾਂ ਨੂੰ ਵ੍ਹਾਟਸਐਪ ‘ਤੇ ਮੁਹੱਈਆ ਕਰਵਾਈ ਜਾਵੇਗੀ।
ਦੱਸ ਦੇਈਏ ਕਿ ਪਹਿਲਾਂ ਜੇ ਕਿਸੇ ਨੂੰ ਜਾਤੀ ਜਾਂ ਰਿਹਾਇਸ਼ ਦਾ ਸਰਟੀਫਿਕੇਟ ਚਾਹੀਦਾ ਹੁੰਦਾ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਸੇਵਾ ਕੇਂਦਰ ਵਿੱਚ ਅਪਲਾਈ ਕਰਨਾ ਪੈਂਦਾ ਸੀ। ਫਿਰ ਉਸ ਨੂੰ ਸੇਵਾ ਕੇਂਦਰ ਵਿਚ ਆ ਕੇ ਹੋਲੋਗ੍ਰਾਮ ‘ਤੇ ਦਸਤਖਤ ਕਰਵਾਉਣੇ ਪੈਂਦੇ ਸੀ। ਹੁਣ ਸਿਰਫ਼ ਲੋਕਾਂ ਨੂੰ ਸੇਵਾ ਕੇਂਦਰ ਵਿੱਚ ਆ ਕੇ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਵ੍ਹਾਟਸਐਪ ‘ਤੇ ਸਰਟੀਫਿਕੇਟ ਮਿਲੇਗਾ। ਉਹਨਾਂ ਨੂੰ ਹੋਲੋਗ੍ਰਾਮ ਜਾਂ ਫਿਜ਼ੀਕਲ ਸਾਈਨ ਦੀ ਲੋੜ ਨਹੀਂ ਪਵੇਗੀ।
ਜਾਤੀ ਜਾਂ ਰਿਹਾਇਸ਼ ਦੇ ਸਰਟੀਫਿਕੇਟ ਤੋਂ ਇਲਾਵਾ, ਇਹਨਾਂ ਸੇਵਾਵਾਂ ਵਿੱਚ ਮੌਤ-ਜਨਮ ਸਰਟੀਫਿਕੇਟ, ਬੁਢਾਪਾ ਪੈਨਸ਼ਨ, ਵਿਆਹ ਸਰਟੀਫਿਕੇਟ, ਅਸਲਾ ਲਾਇਸੈਂਸ ਨਵੀਨੀਕਰਨ, ਬੋਝ ਰਹਿਤ ਸਰਟੀਫਿਕੇਟ, ਬੀਸੀ ਸਰਟੀਫਿਕੇਟ ਸਮੇਤ ਸਾਰੀਆਂ ਸੇਵਾਵਾਂ ਵਿੱਚ ਲਾਭ ਉਪਲਬਧ ਹੋਣਗੇ । ਇਸ ਤੋਂ ਇਲਾਵਾ ਲੋਕ ਹੁਣ ਘਰ ਬੈਠੇ ਹੀ 93 ਸੇਵਾਵਾਂ ਲਈ ਆਨਲਾਈਨ ਅਪਲਾਈ ਕਰ ਸਕਣਗੇ।