ਅਫਗਾਨਿਸਤਾਨ ਤੋਂ ਵਿਦੇਸ਼ੀ ਫੌਜਾਂ ਦੀ ਵਾਪਸੀ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਤਾਲਿਬਾਨ ਨੇ ਦੇਸ਼ ਵਿੱਚ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਹੈ। ਤਾਲਿਬਾਨ ਨੇ ਬੁੱਧਵਾਰ 31 ਅਗਸਤ ਨੂੰ ਰਾਸ਼ਟਰੀ ਛੁੱਟੀ ਐਲਾਨ ਕੀਤਾ ਅਤੇ ਰਾਜਧਾਨੀ ਕਾਬੁਲ ਨੂੰ 20 ਸਾਲਾਂ ਦੀ ਭਿਆਨਕ ਲੜਾਈ ਤੋਂ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਅਗਵਾਈ ਵਾਲੇ ਸੈਨਿਕਾਂ ਦੀ ਵਾਪਸੀ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਰੰਗ- ਬਿਰੰਗੀਆਂ ਰੋਸ਼ਨੀਆਂ ਨਾਲ ਸਜਾਇਆ ਗਿਆ।
ਪਿਛਲੇ ਸਾਲ 2021 ‘ਚ ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ ‘ਤੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ 30 ਅਗਸਤ ਦੀ ਅੱਧੀ ਰਾਤ ਨੂੰ ਅਮਰੀਕੀ ਫੌਜੀ ਅਫਗਾਨਿਸਤਾਨ ਤੋਂ ਚਲੇ ਗਏ ਸਨ।
ਤਾਲਿਬਾਨ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੇ ਰਵਾਨਾ ਹੋਣ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਅੱਜ ਰਾਸ਼ਟਰੀ ਛੁੱਟੀ ਦਾ ਐਲਾਨ ਕੀਤਾ ਹੈ। ਅਫਗਾਨਿਸਤਾਨ ਵਿੱਚ ਦੇਸ਼ ਦੇ ਨਵੇਂ ਸ਼ਾਸਕਾਂ ਨੂੰ ਕਿਸੇ ਹੋਰ ਦੇਸ਼ ਵੱਲੋਂ ਰਸਮੀ ਤੌਰ ‘ਤੇ ਮਾਨਤਾ ਨਹੀਂ ਦਿੱਤੀ ਗਈ ਹੈ। ਦੇਸ਼ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਗਰੀਬੀ ਅਤੇ ਭੁੱਖਮਰੀ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। ਤਾਲਿਬਾਨ ਨੇ ਵੀ ਔਰਤਾਂ ‘ਤੇ ਕਈ ਪਾਬੰਦੀਆਂ ਲਾਈਆਂ ਹੋਈਆਂ ਹਨ।
ਅਫਗਾਨਿਸਤਾਨ ਵਿੱਚ ਪਾਬੰਦੀਆਂ ਅਤੇ ਡੂੰਘੇ ਮਨੁੱਖੀ ਸੰਕਟ ਦੇ ਬਾਵਜੂਦ ਬਹੁਤ ਸਾਰੇ ਅਫਗਾਨ ਲੋਕ ਕਹਿੰਦੇ ਹਨ ਕਿ ਉਹ ਖੁਸ਼ ਹਨ ਕਿ ਤਾਲਿਬਾਨ ਦੇ ਵਿਦਰੋਹ ਨੂੰ ਪ੍ਰੇਰਿਤ ਕਰਨ ਵਾਲੀ ਵਿਦੇਸ਼ੀ ਸ਼ਕਤੀ ਖਤਮ ਹੋ ਗਈ ਹੈ। ਕਾਬੁਲ ਦੇ ਵਸਨੀਕ ਜਲਮਈ ਨੇ ਕਿਹਾ ਕਿ ਅਸੀਂ ਖੁਸ਼ ਹਾਂ ਕਿ ਅੱਲ੍ਹਾ ਨੇ ਸਾਡੇ ਦੇਸ਼ ਨੂੰ ਕਾਫ਼ਰਾਂ ਤੋਂ ਆਜ਼ਾਦ ਕਰਵਾਇਆ ਅਤੇ ਇਸਲਾਮਿਕ ਅਮੀਰਾਤ ਦੀ ਸਥਾਪਨਾ ਕੀਤੀ ਗਈ।
ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਪਿਛਲੇ ਸਾਲ ਅਗਸਤ ‘ਚ ਸ਼ੁਰੂ ਹੋਈ ਫੌਜਾਂ ਦੀ ਵਾਪਸੀ ਨੇ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਦਾ ਅੰਤ ਕਰ ਦਿੱਤਾ ਸੀ। ਨਿਊਯਾਰਕ ਵਿੱਚ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਅਮਰੀਕੀ ਫੌਜੀ ਦਖਲਅੰਦਾਜ਼ੀ ਸ਼ੁਰੂ ਹੋਈ ਸੀ। ਇਸ ਸੰਘਰਸ਼ ਵਿੱਚ 66,000 ਅਫਗਾਨ ਸੈਨਿਕ ਅਤੇ 48,000 ਨਾਗਰਿਕ ਮਾਰੇ ਗਏ ਸਨ। ਅਮਰੀਕੀ ਸੇਵਾ ਦੇ ਮੈਂਬਰਾਂ ਦੀਆਂ ਕੁੱਲ 2,461 ਮੌਤਾਂ ਹੋਈਆਂ, ਜੋ ਅਮਰੀਕਾ ਲਈ ਸਹਿਣਯੋਗ ਨਹੀਂ ਸੀ। ਹੋਰ ਨਾਟੋ ਦੇਸ਼ਾਂ ਦੇ 3,500 ਤੋਂ ਵੱਧ ਸੈਨਿਕ ਵੀ ਮਾਰੇ ਗਏ ਸਨ।
Comment here