ਸਿੱਧੂ ਮੂਸੇਵਾਲਾ ਦੀ ਚਾਰਜਸ਼ੀਟ ਵਿਚ ਕਈ ਵੱਡੇ ਖੁਲਾਸੇ ਹੋਏ ਹਨ। ਚਾਰਜਸ਼ੀਟ ਵਿਚ ਦੱਸਿਆ ਗਿਆ ਹੈ ਕਿ ਸੁਰੱਖਿਆ ਕਟੌਤੀ ਦੀ ਖ਼ਬਰ ਮਿਲਦਿਆਂ ਹੀ ਗੈਂਗਸਟਰ ਗੋਲਡੀ ਬਰਾੜ ਐਕਟਿਵ ਹੋ ਗਿਆ ਸੀ। ਉਸ ਨੇ 28 ਮਈ ਨੂੰ ਸਕਿਓਰਟੀ ਵਾਪਸ ਲੈਣ ਦੀ ਖ਼ਬਰ ਮਿਲਦਿਆਂ ਹੀ ਸ਼ੂਟਰਾਂ ਨੂੰ ਮੂਸੇਵਾਲਾ ਦਾ ਕਤਲ ਕਰਨ ਲਈ ਜਲਦੀ ਜਾਣ ਲਈ ਕਿਹਾ ਸੀ। ਜਿਸ ‘ਤੇ ਪ੍ਰਿਯਵਰਤ ਫੌਜੀ, ਕੇਸ਼ਵ ਕੁਮਾਰ, ਅੰਕਿਤ ਸੇਰਸਾ, ਦੀਪਕ ਮੁੰਡੀ ਤੇ ਕਸ਼ਿਸ਼ ਉਰਫ ਕੁਲਦੀਪ ਫਤਿਆਬਾਦ ਸਾਈਡ ਤੋਂ ਬਲੈਰੋ ਤੇ ਆਲਟੋ ਗੱਡੀ ਤੇ ਮਨਪ੍ਰੀਤ ਸਿੰਘ ਉਰਫ ਮਨੀ ਕੂਸਾ ਤੇ ਜਗਰੂਪ ਸਿੰਘ ਉਰਫ ਰੂਪਾ ਆਪਣੀ ਕਰੋਲਾ ਗੱਡੀ ਤੇ ਆਪਣੇ ਹਥਿਆਰਾਂ ਸਣੇ ਮਾਨਸਾ ਆਏ ਸਨ।
ਚਾਰਜਸ਼ੀਟ ਵਿਚ ਗੋਲਡੀ ਬਰਾੜ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਮੰਨਿਆ ਗਿਆ ਹੈ। ਗੋਲਡੀ ਬਰਾੜ ਨੇ ਹੀ ਲਾਰੈਂਸ ਬਿਸ਼ਨੋਈ, ਸਚਿਨ ਭਿਵਾਨੀ, ਅਨਮੋਲ ਬਿਸ਼ਨੋਈ, ਸਚਿਨ ਬਿਸ਼ਨੋਈ ਉਰਫ ਸਚਿਨ ਥਾਪਨ, ਮੋਨੂੰ ਡਾਗਰ, ਪਵਨ ਕੁਮਾਰ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਣੇ ਉਪਰੋਕਤ ਦੋਸ਼ੀਆਂ ਅਤੇ ਸ਼ੂਟਰਾਂ ਨੂੰ ਇੱਕਠਾ ਕਰਕੇ ਮੂਸੇਵਾਲਾ ਨੂੰ ਮਾਰਨ ਦਾ ਪਲੈਨ ਤਿਆਰ ਕੀਤਾ ਸੀ। ਉਸ ਨੇ ਨੇ ਸਾਰੇ ਦੋਸ਼ੀਆਂ ਨੂੰ ਹਥਿਆਰ, ਰੁਪਏ, ਗੱਡੀਆਂ, ਰਿਹਾਇਸ਼, ਫੋਨ ਤੇ ਸਿੰਮ ਉਪਲਬਧ ਕਰਵਾਏ ਸਨ। ਗੋਲਡੀ ਬਰਾੜ ਹੀ ਸਾਰੇ ਮੁਲਜ਼ਮਾਂ ਨਾਲ ਸਿਗਨਲ ਐਪ ਰਾਹੀਂ ਗੱਲ ਕਰਦਾ ਸੀ ਤੇ ਉਸ ਨੇ ਵੱਖ-ਵੱਖ ਟੀਮਾਂ ਬਣਾਈਆਂ ਸਨ, ਜੋ ਰੇਕੀ, ਗੱਡੀਆਂ ਦਾ ਇੰਤਜ਼ਾਮ, ਹਥਿਆਰਾਂ ਦਾ ਇੰਤਜ਼ਾਮ, ਫੋਨ ਤੇ ਸਿਮ ਤੇ ਪੈਸਿਆਂ ਦਾ ਇੰਤਜ਼ਾਮ ਕਰਦੀਆਂ ਸਨ।ਦੋਸ਼ੀ ਗੋਲਡੀ ਬਰਾੜ ਨੇ ਹੀ ਸ਼ੂਟਰਾਂ ਨੂੰ ਵੱਖ-ਵੱਖ ਰਿਹਾਇਸ਼ਾਂ ਦਾ ਪ੍ਰਬੰਧ ਕਰਕੇ ਦਿੱਤਾ ਸੀ। ਉਸ ਨੇ ਹੀ ਬਾਕੀ ਮੁਲਜ਼ਮਾਂ ਨਾਲ ਮਿਲਕੇ ਮੂਸੇਵਾਲਾ ਦਾ ਕਤਲ ਕਰਵਾਇਆ ਹੈ,ਜਿਸ ਦੀ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਹੈ। ਤੇ ਗੋਲਡੀ ਬਰਾੜ ਨੇ ਹੀ ਸਿੱਧੂ ਮੂਸੇਵਾਲਾ ਨਾਲ ਮੌਕਾ ਵਾਰਦਾਤ ਵਾਲੇ ਦਿਨ ਥਾਰ ਕਾਰ ਵਿਚ ਸਵਾਰ ਉਸ ਦੇ ਦੋ ਸਾਥੀਆਂ ਗੁਰਪ੍ਰੀਤ ਤੇ ਗੁਰਵਿੰਦਰ ਸਿੰਘ ਨੂੰ ਵੀ ਗੋਲੀਆਂ ਮਾਰ ਕੇ ਜ਼ਖਮੀ ਕਰਾਇਆ। ਗੈਂਗਸਟਰ ਗੋਲਡੀ ਬਰਾੜ ਨੇ ਮੂਸੇਵਾਲਾ ਦਾ ਕਤਲਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਕਰਵਾਇਆ ਸੀ।