ਕਾਂਗਰਸ ਵਿਚ ਨਵੇਂ ਪ੍ਰਧਾਨ ਨੂੰ ਲੈ ਕੇ ਚੋਣ ਦੀ ਤਰੀਖ ਆ ਗਈ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਨਵੇਂ ਪ੍ਰਧਾਨ ਦੀ ਚੋਣ 17 ਅਕਤੂਬਰ ਨੂੰ ਹੋਵੇਗੀ, 19 ਅਕਤੂਬਰ ਨੂੰ ਨਤੀਜੇ ਆਉਣਗੇ। ਪਾਰਟੀ ਨੇ ਇਹ ਫੈਸਲਾ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਲਿਆ ਹੈ। ਚੋਣ ਸ਼ੈਡਿਊਲ ਮੁਤਾਬਕ 22 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 24 ਸਤੰਬਰ ਤੱਕ ਨਾਮਜ਼ਦਗੀ ਪੱਤਰ ਭਰੇ ਜਾ ਸਕਦੇ ਹਨ। 30 ਸਤੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਿਆ ਜਾ ਸਕਦਾ ਹੈ ਤੇ 17 ਨੂੰ ਪ੍ਰਧਾਨ ਅਹੁਦੇ ਲਈ ਚੋਣਾਂ ਹੋਣਗੀਆਂ।
ਦੱਸ ਦੇਈਏ ਕਿ ਕਾਂਗਰਸ ਵਰਕਿੰਗ ਕਮੇਟੀ ਪਾਰਟੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਹੈ। ਅਗਲੇ ਏਆਈਸੀਸੀ ਪ੍ਰਧਾਨ ਦੇ ਚੋਣ ਦੇ ਪ੍ਰੋਗਰਾਨ ਨੂੰ ਮਨਜ਼ੂਰੀ ਦੇਣ ਲਈ ਐਤਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਆਯੋਜਿਤ ਕੀਤੀ ਗਈ ਸੀ। ਇਸ ਬੈਠਕ ਵਿਚ ਸੀਡਬਲਯੂਸੀ ਨਾਲ ਜੁੜੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਫਿਰ ਚੋਣ ਦਾ ਸ਼ੈਡਿਊਲ ਤੈਅ ਕੀਤਾ ਗਿਆ।ਕਾਂਗਰਸ ਵਰਕਿੰਗ ਕਮੇਟੀ ਦੀ ਆਨਲਾਈਨ ਬੈਠਕ ਦੁਪਿਹਰ 3.30 ਵਜੇ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਿਚ ਹੋਈ। ਸੋਨੀਆ ਇਸ ਸਮੇਂ ਹੈਲਥ ਚੈਕਅਪ ਦੇ ਸਿਲਸਿਲੇ ਵਿਚ ਵਿਦੇਸ਼ ਵਿਚ ਹਨ। ਉਨ੍ਹਾਂ ਨਾਲ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵੀ ਹਨ। ਇਸ ਬੈਠਕ ਵਿਚ ਜੀ-23 ਦਾ ਹਿੱਸਾ ਰਹੇ ਆਨੰਦ ਸ਼ਰਮਾ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ, ਕੇਸੀ ਵੇਣੂਗੋਪਾਲ, ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼, ਮੁਕੁਲ ਵਾਸਨਿਕ, ਪੀ ਚਿਦੰਬਰਮ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਮੌਜੂਦ ਸਨ।