Indian PoliticsNationNewsWorld

‘ਰਾਹੁਲ ਗਾਂਧੀ ਵਰਗਾ ਕਾਂਗਰਸ ‘ਚ ਕੋਈ ਹੋਰ ਨੇਤਾ ਨਹੀਂ, ਉਨ੍ਹਾਂ ਨੂੰ ਹੀ ਬਣਨਾ ਹੋਵੇਗਾ ਪ੍ਰਧਾਨ’ : ਮਲਿਕਾਰੁਜਨ ਖੜਗੇ

ਕਾਂਗਰਸ ਲੀਡਰਸ਼ਿਪ ‘ਤੇ ਸਵਾਲ ਚੁੱਕਦੇ ਹੋਏ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਇਸ ਦਰਮਿਆਨ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਸੀਨੀਅਰ ਕਾਂਗਰਸੀ ਨੇਤਾ ਐੱਮ. ਮੱਲਿਕਾਰੁਜਨ ਖੜਗੇ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਵਜੋਂ ਰਾਹੁਲ ਗਾਂਧੀ ਦੀ ਵਾਪਸੀ ਲਈ ਕੋਸ਼ਿਸ਼ ਕੀਤੀ ਜਾਵੇਗੀ। ਪਾਰਟੀ ਵਿਚ ਉਨ੍ਹਾਂ ਵਰਗਾ ਕੋਈ ਨੇਤਾ ਨਹੀਂ ਹੈ। ਉਹ ਹੀ ਪਾਰਟੀ ਨੂੰ ਫਿਰ ਤੋਂ ਚੁੱਕ ਸਕਦੇ ਹਨ।

ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਕਿਹਾ ਕਿ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਅਤੇ ਪੱਛਮੀ ਬੰਗਾਲ ਤੋਂ ਗੁਜਰਾਤ ਤੱਕ ਜੇਕਰ ਕੋਈ ਨੇਤਾ ਕਾਂਗਰਸ ਦੀ ਅਗਵਾਈ ਕਰ ਸਕਦਾ ਹੈ ਤੇ ਉਹ ਰਾਹੁਲ ਗਾਂਧੀ ਹੈ। ਕਾਂਗਰਸ ਪ੍ਰਧਾਨ ਅਜਿਹਾ ਵਿਅਕਤੀ ਹੋਣਾ ਚਾਹੀਦਾ ਹੈ ਜੋ ਪੂਰੇ ਦੇਸ਼ ਦੇ ਲੋਕਾਂ ਲਈ ਜਾਣਿਆ-ਪਛਾਣਿਆ ਹੋਵੇ। ਪੂਰੀ ਕਾਂਗਰਸ ਪਾਰਟੀ ਉਸ ਨੂੰ ਸਵੀਕਾਰ ਕਰੇ। ਅਜਿਹਾ ਵਿਅਕਤੀ ਰਾਹੁਲ ਗਾਂਧੀ ਦੇ ਇਲਾਵਾ ਹੋਰ ਕੋਈ ਨਹੀਂ ਹੈ।

ਖੜਗੇ ਨੇ ਕਿਹਾ ਕਿ ਪਹਿਲਾਂ ਸਾਰੇ ਸੀਨੀਅਰ ਨੇਤਾਵਾਂ ਨੇ ਸੋਨੀਆ ਗਾਂਧੀ ‘ਤੇ ਪਾਰਟੀ ਲਈ ਕੰਮ ਕਰਨ ਲਈ ਦਬਾਅ ਪਾਇਆ ਸੀ। ਸੀਨੀਅਰ ਨੇਤਾਵਾਂ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਸੀ ਕਿ ਉਹ ਆਉਣ ਤੇ ਲੜਾਈ ਲੜਨ। ਰਾਹੁਲ ਗਾਂਧੀ ਦਾ ਕੋਈ ਬਦਲ ਨਹੀਂ ਹੈ। ਇਨ੍ਹਾਂ ਰਿਪੋਰਟਾਂ ‘ਤੇ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਝਿਜਕ ਰਹੇ ਹਨ।

ਖੜਗੇ ਨੇ ਕਿਹਾ ਕਿ ਉਹ ਇਸ ਸਬੰਧ ਵਿਚ ਉਨ੍ਹਾਂ ਨੂੰ ਬੇਨਤੀ ਕਰਨਗੇ ਕਿ ਪਾਰਟੀ ਅਤੇ ਦੇਸ਼ ਦੇ ਹਿੱਤ ਲਈ ਅਹੁਦਾ ਸੰਭਾਲਣ। ਇਹ ਆਰਐਸਐਸ-ਭਾਜਪਾ ਵਿਰੁੱਧ ਲੜਨ ਅਤੇ ਦੇਸ਼ ਨੂੰ ਇਕਜੁੱਟ ਰੱਖਣ ਲਈ ਜ਼ਰੂਰੀ ਹੈ। ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕਰਦਿਆਂ ਖੜਗੇ ਨੇ ਕਿਹਾ ਕਿ ਭਾਰਤ ਨੂੰ ਇਕਜੁੱਟ ਕਰਨ ਲਈ ਰਾਹੁਲ ਗਾਂਧੀ ਜ਼ਰੂਰੀ ਹੈ। ਅਸੀਂ ਉਨ੍ਹਾਂ ‘ਤੇ ਕਾਂਗਰਸ ਪ੍ਰਧਾਨ ਬਣਨ ਲਈ ਦਬਾਅ ਬਣਾਵਾਂਗੇ। ਇਸ ਦੇ ਲਈ ਅਸੀਂ ਉਨ੍ਹਾਂ ਨੂੰ ਮਨਾਵਾਂਗੇ।

Comment here

Verified by MonsterInsights