ਕਾਂਗਰਸ ਸਰਕਾਰ ਦੌਰਾਨ ਟਰਾਂਸਪੋਰਟੇਸ਼ਨ ਟੈਂਡਰ ਘਪਲੇ ਵਿਚ ਗ੍ਰਿਫਤਾਰ ਕੀਤੇ ਜਾ ਚੁੱਕੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ‘ਤੇ ਵਿਜੀਲੈਂਸ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਵਿਜੀਲੈਂਸ ਇਸ ਕੇਸ ਵਿਚ ਮੀਨੂੰ ਮਲਹੋਤਰਾ ਨੂੰ ਨਾਮਜ਼ਦ ਕਰ ਚੁੱਕੀ ਹੈ। ਮੀਨੂੰ ਮਲਹੋਤਰਾ ਕਈ ਦਿਨਾਂ ਤੋਂ ਫਰਾਰ ਹੈ। ਉਸ ਦੀ ਭਾਲ ਵਿਚ ਲਗਾਤਾਰ ਰੇਡ ਚੱਲ ਰਹੀ ਹੈ।
ਵਿਜੀਲੈਂਸ ਬਿਊਰੋ ਨੂੰ ਮੀਨੂੰ ਮਲਹੋਤਰਾ ਦੀ 6 ਪ੍ਰਾਪਰਟੀ ਦੀ ਡਿਟੇਲ ਮਿਲੀ। ਇਹ ਸਾਰੀ ਪ੍ਰਾਪਰਟੀ ਸ਼ਹਿਰ ਦੇ ਪੌਸ਼ ਏਰੀਆ ਸ਼ਹਿਰ ਵਿਚ ਹੈ ਤੇ ਇਨ੍ਹਾਂ ਦੀ ਕੀਮਤ ਕਰੋੜਾਂ ਵਿਚ ਹੈ। ਇਨ੍ਹਾਂ ਵਿਚ ਇਕ ਕੰਪਲੈਕਸ ਵੀ ਹੈ। ਇਨ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਜਾਂਚ ਕਰ ਰਹੀ ਹੈ ਕਿ ਮੀਨੂੰ ਨੇ ਇਹ ਪ੍ਰਾਪਰਟੀ ਕਦੋਂ ਬਣਾਈ ਅਤੇ ਉਸ ਕੋਲ ਇਸ ਲਈ ਪੈਸੇ ਕਿਥੋਂ ਆਏ। ਮੀਨੂੰ ਮਲਹੋਤਰਾ ਨੇ ਇਹ ਸਾਰੀ ਪ੍ਰਾਪਰਟੀ ਭਾਰਤ ਭੂਸ਼ਣ ਆਸ਼ੂ ਦੇ ਮੰਤਰੀ ਬਣਨ ਦੇ ਬਾਅਦ ਬਣਾਈ।
ਵਿਜੀਲੈਂਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਮੀਨੂੰ ਮਲਹੋਤਰਾ ਨੇ ਕੁਝ ਜ਼ਮੀਨ ਆਪਣੇ ਰਿਸ਼ਤੇਦਾਰਾਂ ਦੇ ਨਾਂ ‘ਤੇ ਵੀ ਲੈ ਰੱਖੀ ਹੈ। ਅਜਿਹੇ ਰਿਸ਼ਤੇਦਾਰਾਂ ਦੀ ਲਿਸਟ ਬਣਾਈ ਜਾ ਰਹੀ ਹੈ। ਵਿਜੀਲੈਂਸ ਮੁਤਾਬਕ ਤਤਕਾਲੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਮਲਹੋਤਰਾ ਦੀ ਇਸ ਘਪਲੇ ਵਿਚ ਸਭ ਤੋਂ ਅਹਿਮ ਭੂਮਿਕਾ ਰਹੀ। ਟੈਂਡਰ ਲਈ ਟੈਂਡਰਸ ਨੂੰ ਲੱਭਣ ਤੋਂ ਲੈ ਕੇ ਰੇਟ ਤੈਅ ਕਰਨ ਤੱਕ ਦਾ ਸਾਰਾ ਕੰਮ ਮੀਨੂੰ ਕਰਦਾ ਸੀ। ਡੀਲ ਫਾਈਨਲ ਹੋ ਜਾਣ ਦੇ ਬਾਅਦ ਪੈਸਿਆਂ ਦਾ ਲੈਣ-ਦੇਣ ਵੀ ਮੀਨੂੰ ਹੀ ਕਰਦਾ। ਅਫਸਰਾਂ ਤੋਂ ਨੇਤਾਵਾਂ ਤੱਕ ਹਿੱਸਾ ਪਹੁੰਚਾਉਣ ਦਾ ਕੰਮ ਉਸ ਦਾ ਸੀ। ਆਪਣੇ ਜੀਵਨ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਜਵਾਹਰ ਨਗਰ ਕੈਂਪ ਵਿਚ ਗੁਜ਼ਾਰਨ ਵਾਲਾ ਮੀਨੂੰ ਕੁਝ ਮਹੀਨਿਆਂ ਤੋਂ ਨਿਊ ਮਾਡਲ ਟਾਊਨ ਵਿਚ ਕੋਠੀ ਬਣਵਾ ਰਿਹਾ ਸੀ। ਇਸ ਕੋਠੀ ਦਾ ਰਿਕਾਰਡ ਵਿਜੀਲੈਂਸ ਚੈਕ ਕਰਵਾ ਰਹੀ ਹੈ।
ਵਿਜੀਲੈਂਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਕਣਕ ਦੀ ਲੋਡਿੰਗ-ਅਨਲੋਡਿੰਗ ਨਾਲ ਸਬੰਧਤ ਇਸ ਟੈਂਡਰ ਘੁਟਾਲੇ ਦੇ ਮੁੱਖ ਮੁਲਜ਼ਮ ਤੇਲੂਰਾਮ ਨੇ ਕੁਝ ਸਮਾਂ ਪਹਿਲਾਂ ਕਰੀਬ 20 ਏਕੜ ਜ਼ਮੀਨ ਖਰੀਦੀ ਸੀ। ਮੀਨੂੰ ਮਲਹੋਤਰਾ ਨੇ ਵੀ ਕਈ ਜਾਇਦਾਦਾਂ ਬਣਾਈਆਂ। ਇਸ ਸਬੰਧੀ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਰਾਕੇਸ਼ ਕੁਮਾਰ ਸਿੰਗਲਾ ਦੀ ਤਾਇਨਾਤੀ ਅਤੇ ਉਸ ਦੀ ਜਾਇਦਾਦ ਦੇ ਦਸਤਾਵੇਜ਼ ਵੀ ਇਕੱਠੇ ਕੀਤੇ ਜਾ ਰਹੇ ਹਨ।
Comment here