ਅੰਮ੍ਰਿਤਸਰ ਵਿਚ ਐੱਸਆਈ ਦਿਲਬਾਗ ਸਿੰਘ ਦੀ ਬਲੈਰੋ ਗੱਡੀ ਵਿਚ ਫਿਟ ਕੀਤੀ ਗਈ ਆਈਈਡੀ ਪਾਕਿਸਤਾਨ ਤੋਂ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨੇ ਭੇਜੀ ਸੀ। ਅੱਤਵਾਦੀ ਹਰਪਾਲ ਸਿੰਘ ਨੇ ਇਸ ਨੂੰ ਜ਼ਿਲ੍ਹਾ ਤਰਨਤਾਰਨ ਦੇ ਖਾਨਕੋਟ ਖੇਤਰ ਤੋਂ ਚੁੱਕਿਆ ਸੀ। ਰਿੰਦਾ ਨੇ ਆਈਈਡੀ ਕੈਨੇਡਾ ਵਿਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਕਹਿਣ ‘ਤੇ ਖਾਨਕੋਟ ਖੇਤਰ ਵਿਚ ਡ੍ਰੋਨ ਜ਼ਰੀਏ ਡੇਗੀ ਸੀ।
ਇਹ ਜਾਣਕਾਰੀ ਪੱਟੀ ਜੇਲ੍ਹ ਵਿਚ ਨਸ਼ਾ ਤਸਕਰੀ ਮਾਮਲੇ ਵਿਚ ਬੰਦ ਵਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਕੀਤੀ ਗਈ ਪੁੱਛਗਿਛ ਵਿਚ ਸਾਹਮਣੇ ਆਈ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਨੇ ਗੁਰਪ੍ਰੀਤ ਸਿੰਘ ਗੋਪੀ ਤੇ ਵਰਿੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ। ਦੋਵਾਂ ਤੋਂ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦੋਵਾਂ ਨੇ ਲਖਬੀਰ ਤੇ ਰਿੰਦਾ ਬਾਰੇ ਕਈ ਜਾਣਕਾਰੀਆਂ ਉਜਾਗਰ ਕੀਤੀਆਂ ਹਨ।

ਵਰਿੰਦਰ ਸਿੰਘ ਜੇਲ੍ਹ ਤੋਂ ਲੰਡਾ ਨਾਲ ਕਈ ਵਾਰ ਗੱਲ ਵੀ ਕਰ ਚੁੱਕਾ ਹੈ। ਉਸ ਦੇ ਮੋਬਾਈਲ ਫੋਨ ਦੀ ਬਰਾਮਦਗੀ ਦੀ ਕੋਸ਼ਿਸ਼ ਜਾਰੀ ਹੈ। ਦੋਵਾਂ ਨੇ ਦੱਸਿਆ ਕਿ ਲੰਡਾ ਨੇ ਅੱਤਵਾਦੀ ਹਰਪਾਲ ਸਿੰਘ ਨੂੰ ਆਈਡੀ ਭੇਜਣ ਦੇ ਨਾਲ ਹੀ ਜੇਲ੍ਹ ਵਿਚ ਬੰਦ ਵਰਿੰਦਰ ਨਾਲ ਗੱਲ ਕਰਨ ਲਈ ਕਿਹਾ ਸੀ। ਐੱਸਆਈ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਰਚੀ ਗਈ ਸਾਜ਼ਿਸ਼ ਤਹਿਤ ਖਾਨਕੋਟ ਵਿਚ ਕੁਝ ਦਿਨ ਪਹਿਲਾਂ ਹੀ ਡ੍ਰੋਨ ਤੋਂ ਆਈਈਡੀ ਪਹੁੰਚਾ ਦਿੱਤੀ ਸੀ।
ਇਸ ਦੇ ਬਾਅਦ ਗੈਂਗਸਟਰ ਲਖਬੀਰ ਨੇ ਰਿਜ਼ਰਵ ਬਟਾਲੀਅਨ ਦੇ ਕਾਂਸਟੇਬਲ ਹਰਪਾਲ ਸਿੰਘ ਨੂੰ ਹੁਕਮ ਦਿੱਤਾ ਸੀ ਕਿ ਉੁਹ 6 ਲੱਖ ਰੁਪਏ ਦਾ ਇੰਤਜ਼ਾਮ ਵੀ ਕਰ ਲਵੇ। ਇਹ ਰਕਮ ਹਰਪਾਲ ਨੇ ਕਿਥੇ, ਕਿਵੇਂ ਅਤੇ ਕਿਸ ਲਈ ਖਰਚ ਕਰਨੀ ਸੀ, ਇਸ ਨੂੰ ਲੈ ਕੇ ਹੁਕਮ ਬਾਅਦ ਵਿਚ ਦਿੱਤਾ ਜਾਣਾ ਸੀ। ਐੱਸਆਈ ਦੀ ਗੱਡੀ ਵਿਚ ਆਈਈਡੀ ਲਗਾਉਣ ਦੇ ਮਾਮਲੇ ਵਿਚ ਹੁਣ ਤੱਕ ਅੱਤਵਾਦੀ ਹਰਪਾਲ ਸਿੰਘ ਤੇ ਉਸ ਦੇ ਭਤੀਜੇ ਫਤਿਹਦੀਪ ਸਿੰਘ, ਰਾਜਿੰਦਰ ਕੁਮਾਰ ਉਰਫ ਬਾਊ ਅਤੇ ਖੁਸ਼ਹਾਲਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Comment here