ਨਾਭਾ ਜੇਲ ‘ਚ ਕਤਲ ਕੀਤੇ ਗਏ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦਾ ਰਾਜ਼ ਜਲਦ ਹੀ ਖੁੱਲ੍ਹੇਗਾ। ਇਸ ਦੇ ਲਈ ਏਡੀਜੀਪੀ ਦੀ ਅਗਵਾਈ ਵਿੱਚ ਇੱਕ ਨਵੀਂ ਵਿਸ਼ੇਸ਼ ਜਾਂਚ ਕਮੇਟੀ (ਐਸਆਈਟੀ) ਬਣਾਈ ਜਾਵੇਗੀ, ਜਿਸ ਵਿੱਚ ਐਸਐਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਬਿਊਰੋ ਆਫ ਇਨਵੈਸਟੀਗੇਸ਼ਨ (ਬੀਓਆਈ) ਦੇ ਐਸਪੀ ਕੇਸਰ ਸਿੰਘ ਦੀ ਅਗਵਾਈ ਵਿੱਚ ਜਾਂਚ ਚੱਲ ਰਹੀ ਸੀ। ਹਾਈ ਕੋਰਟ ਵਿੱਚ ਜਸਟਿਸ ਰਾਜਮੋਹਨ ਸਿੰਘ ਨੇ ਕਿਹਾ ਕਿ ਨਵੀਂ ਐਸਆਈਟੀ ਜਲਦੀ ਹੀ ਆਪਣੀ ਰਿਪੋਰਟ ਸੌਂਪੇਗੀ।
ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਡੇਰਾ ਪ੍ਰੇਮੀ ਬਿੱਟੂ ਫੜੇ ਗਏ ਹਨ। ਬਿੱਟੂ ਦਾ 22 ਜੂਨ 2019 ਨੂੰ ਨਾਭਾ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ। ਬਿੱਟੂ ਦੀ ਪਤਨੀ ਸੰਤੋਸ਼ ਕੁਮਾਰੀ ਨੇ ਇਸ ਮਾਮਲੇ ਵਿੱਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਸੰਤੋਸ਼ ਕੁਮਾਰੀ ਨੇ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਸੀ ਕਿ ਬਿੱਟੂ ਦੇ ਕਤਲ ਵਿੱਚ ਅਧਿਕਾਰੀ ਵੀ ਸ਼ਾਮਲ ਸਨ। ਉਨ੍ਹਾਂ ਨੂੰ ਡਰ ਸੀ ਕਿ ਜੇਲ੍ਹ ਤੋਂ ਨਿਕਲਣ ਮਗਰੋਂ ਬਿੱਟੂ ਉਸ ਨਾਲ ਹੋਏ ਜ਼ੁਲਮਾਂ ਦਾ ਪਰਦਾਫਾਸ਼ ਕਰ ਦੇਵੇਗਾ। ਇਸ ਸਬੰਧੀ ਉਸ ਕੋਲ ਇੱਕ ਡਾਇਰੀ ਵੀ ਹੈ, ਜਿਸ ਵਿੱਚ ਬਿੱਟੂ ਨੇ ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਾਲ 2015 ਵਿਚ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿੱਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਮਹਿੰਦਰ ਸਿੰਘ ਬਿੱਟੂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਉਸ ਨੂੰ ਨਾਭਾ ਜੇਲ੍ਹ ਵਿਚ ਰੱਖਿਆ ਗਿਆ ਸੀ, ਜਿਥੇ ਉਸ ਦਾ ਜੇਲ੍ਹ ਵਿਚ ਦੋ ਹੋਰਨਾਂ ਕੈਦੀਆਂ ਨੇ ਸਰੀਏ ਨਾਲ ਹਮਲਾ ਕਰਕੇ ਕੇ ਉਸ ਦਾ ਕਤਲ ਕਰ ਦਿੱਤਾ ਸੀ। ਪਰਿਵਾਰ ਮੁਤਾਬਕ 2018 ‘ਚ ਪਾਲਮਪੁਰ ਹਿਮਾਚਲ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਵੱਲੋਂ 14 ਝੂਠੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ।
Comment here