ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਈ ਦੇ ਬਾਅਦ ਦੋ ਭਾਰਤੀ ਨਾਗਰਿਕ ਵਾਹਗਾ-ਅਟਾਰੀ ਸਰਹੱਦ ਦੇ ਰਸਤੇ ਭਾਰਤ ਪਹੁੰਚੇ। ਪਾਕਿ ਰੇਂਜਰਸਾਂ ਨੇ ਇਨ੍ਹਾਂ ਦੋ ਭਾਰਤੀ ਕੈਦੀਆਂ ਨੂੰ ਜ਼ੀਰੋ ਲਾਈਨ ‘ਤੇ ਬੀਐੱਸਐੱਫ ਅਧਿਕਾਰੀਆਂ ਦੇ ਹਵਾਲੇ ਕੀਤੇ। ਜਿਥੋਂ ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਪੁਰਦ ਕੀਤਾ ਗਿਆ।
ਨਾਇਬ ਤਹਿਸੀਲਦਾਰ ਅਜੇ ਕੁਮਾਰ ਨੇ ਪ੍ਰੋਟੋਕੋਲ ਅਫ਼ਸਰ ਅਰੁਣ ਮਾਹਲ ਦੀ ਮਦਦ ਨਾਲ ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਰੈੱਡ ਕਰਾਸ ਵਾਰਡ ਵਿੱਚ ਦਾਖ਼ਲ ਕਰਵਾਇਆ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਰਾਹੀਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ।
ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਭਾਰਤੀ ਨਾਗਰਿਕ ਦਾ ਨਾਂ ਕੁਲਦੀਪ ਕੁਮਾਰ ਹੈ, ਜੋ ਗੁਜਰਾਤ ਰਾਜ ਦੇ ਗਾਂਧੀ ਨਗਰ ਦੇ ਗੋਪਾਲ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਉਹ 1991 ‘ਚ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ‘ਚ ਦਾਖਲ ਹੋ ਗਿਆ ਸੀ। ਜਿੱਥੋਂ ਪਾਕਿਸਤਾਨੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਪਾਕਿਸਤਾਨ ਦੀ ਇੱਕ ਅਦਾਲਤ ਨੇ ਕੁਲਦੀਪ ਨੂੰ 26 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਸ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਦੂਜਾ ਨਾਗਰਿਕ ਜੰਮੂ ਦੇ ਨਵਾਂ ਸ਼ਹਿਰ ਦੇ ਸਿੱਬਲ ਕਸਬੇ ਦਾ ਰਹਿਣ ਵਾਲਾ ਸ਼ੰਭੂ ਨਾਥ ਹੈ। 2010 ਵਿੱਚ ਉਹ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਸੀ। ਉਸ ਨੂੰ ਵੀ ਪਾਕਿਸਤਾਨ ਪੁਲਿਸ ਨੇ ਫੜ ਲਿਆ ਅਤੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ 12 ਸਾਲ ਦੀ ਸਜ਼ਾ ਸੁਣਾਈ ਸੀ। ਇਸ ਦੌਰਾਨ ਉਸ ਨੂੰ ਸਿਆਲਕੋਟ ਅਤੇ ਕੋਟ ਲਖਪਤ ਜੇਲ੍ਹ ਵਿੱਚ ਰੱਖਿਆ ਗਿਆ ਸੀ।
Comment here