ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਦਲਿਤ ਮੁੱਦਿਆਂ ‘ਤੇ ਡਰਾਮੇਬਾਜ਼ੀ ਕਰਕੇ ਆਪਣੇ ਆਪ ਨੂੰ ਦਲਿਤ ਪੱਖੀ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਦੀਆ ਪੋਸਟਾਂ ਵਿੱਚ SC-BC ਭਾਈਚਾਰੇ ਲਈ ਰਾਖਵਾਂਕਰਨ ਸੰਵਿਧਾਨਕ ਹੱਕ ਹੈ। ਆਪਣੇ ਹੱਕਾਂ ਲਈ ਆਪਣੇ ਹੱਕਾਂ ਲਈ ਲਾਮਬੰਦ ਹੋ ਰਹੇ ਐਸਸੀ ਬੀਸੀ ਭਾਈਚਾਰੇ ਤੋਂ ਡਰਦੇ ਹੋਏ ‘ਆਪ’ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ‘ਆਪ’ ਸਰਕਾਰ ਦੇ ਮੁੱਖ ਮੰਤਰੀ, ਮੰਤਰੀਆਂ ਤੇ ਵਿਧਾਇਕਾਂ ਨੇ ਜੋ ਸਰਕਾਰ ਨੂੰ ਦਲਿਤ ਪੱਖੀ ਹੋਣ ਦੇ ਦਾਅਵੇ ਕੀਤੇ ਹਨ ਉਹ ਸਭ ਡਰਾਮੇਬਾਜ਼ੀ ਹੈ। ਪ੍ਰੈਸ ਕਾਨਫਰੰਸ ਵਿੱਚ 11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਖੋਖਲੀ ਬਿਆਨਬਾਜ਼ੀ ਕਠਪੁਤਲੀਆਂ ਦਾ ਨਾਚ ਸੀ।
ਇਸ ਤੋਂ ਅੱਗੇ ਸ. ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਲਿਤ ਵਿਧਾਇਕ ਤੇ ਕੈਬਨਟ ਮੰਤਰੀ ਲੀਪਾਪੋਤੀ ਕਰਨ ਵਾਲੀਆ ਕਠਪੁਤਲੀਆਂ ਹਨ। ਜੇਕਰ ਪੰਜਾਬ ਸਰਕਾਰ ਦਲਿਤ ਹਿਤੈਸ਼ੀ ਹੈ ਤਾਂ ਹਾਈਕੋਰਟ ਵਿੱਚ ਦਲਿਤਾਂ ਪਿਛੜੇ ਵਰਗਾਂ ਨੂੰ ਨਲਾਇਕ ਦੱਸਿਆ ਗਿਆ, ਓਦੋਂ ਕਿਉਂ ਨਹੀਂ ਬੋਲੇ। ਦਲਿਤ ਵਿਧਾਇਕ ਅੱਜ ਤੱਕ ਅਨਮੋਲ ਰਤਨ ਸਿੱਧੂ ‘ਤੇ ਕੋਈ ਕਾਰਵਾਈ ਨਹੀਂ ਕਰਵਾ ਸਕੇ। ਸਰਕਾਰ ਦੇ 150 ਤੋਂ ਜਿਆਦਾ ਦਿਨ ਬੀਤਣ ਦੇ ਬਾਅਦ ਵੀ ਅੱਜ ਤੱਕ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਨਹੀ ਲੱਗਿਆ । ਓਬੀਸੀ ਲਈ ਮੰਡਲ ਕਮਿਸ਼ਨ ਰਿਪੋਰਟ, ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀਆਂ ਦੀਆ ਡਿਗਰੀਆਂ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, 85ਵੀ ਸੋਧ, 10/10/2014 ਦਾ ਪੱਤਰ, ਦਲਿਤ ਡਿਪਟੀ ਮੁੱਖ ਮੰਤਰੀ, ਮਜ਼ਦੂਰਾਂ ਦੇ ਨਰਮੇ ਦੇ ਬਕਾਏ ਪੈਸੇ ਆਦਿ ਮੰਗਾਂ ਬਾਦਸਤੂਰ ਜਾਰੀ ਹਨ ।
ਬਸਪਾ ਪੰਜਾਬ ਪ੍ਰਧਾਨ ਨੇ 11 ਦਲਿਤ ਮੰਤਰੀਆਂ ਤੇ ਵਿਧਾਇਕਾਂ ਦੀ ਕਾਨਫਰੰਸ ਨੂੰ ਕਠਪੁਤਲੀਆਂ ਦੀ ਕਾਨਫਰੰਸ ਕਰਾਰ ਦਿੱਤਾ। ਪੰਜਾਬ ਦੀ ਲਾਅ ਅਫਸਰਾਂ ਦੀਆਂ ਪੋਸਟਾਂ ਵਿੱਚ ਰਾਖਵਾਂਕਰਨ ਦੇਣ ਵੇਲੇ 12 ਕੈਟਾਗਰੀਆਂ ਨੂੰ ਅਣਗੌਲਿਆ ਹੈ ਜਿਸ ਤਹਿਤ ਮੌਜੂਦਾ ਓਬੀਸੀ ਲਈ 12% ਰਾਖਵਾਂਕਰਨ, ਜਨਰਲ ਵਰਗ ਦੇ ਗਰੀਬਾਂ ਲਈ 10%, ਸਪੋਰਟਸਮੈਨ ਕੋਟਾ 3% ਦਿਵਆਂਗ ਦਾ 4%, ਅਜ਼ਾਦੀ ਘੁਲਾਟੀਆਂ ਦਾ 1%, ਆਦਿ ਪ੍ਰਮੁੱਖ ਹਨ। ਬਸਪਾ ਪੰਜਾਬ ਵਲੋਂ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਦਲਿਤ ਪਿਛੜਾ ਵਿਰੋਧੀ ਬੇਨਕਾਬ ਕਰਨ ਹਿੱਤ ਵੱਡੇ-ਵੱਡੇ ਰੋਸ ਪ੍ਰਦਰਸ਼ਨ ਐਲਾਨ ਕੀਤੇ ਜਾ ਚੁੱਕੇ ਹਨ। ਜਿਸ ਤਹਿਤ ਅੱਜ ਨਵਾਂਸ਼ਹਿਰ ਵਿੱਚ ਵੱਡਾ ਲੋਕ ਲਾਮਬੰਦੀ ਵਾਲਾ ਪ੍ਰਦਰਸ਼ਨ ਹੋਇਆ। ਇਸ ਤੋਂ ਇਲਾਵਾ 23 ਅਗਸਤ ਨੂੰ ਮਾਨਸਾ, 24 ਅਗਸਤ ਨੂੰ ਮੋਗਾ, 25 ਅਗਸਤ ਨੂੰ ਅੰਮ੍ਰਿਤਸਰ ਅਤੇ 26 ਅਗਸਤ ਨੂੰ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ ਹੋਣਗੇ ।